5 Dariya News

ਸ਼ਾਂਤੀ ਪੂਰਨ ਚੋਣਾਂ ਕਰਵਾਉਣ ਦੇ ਲਈ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ- ਨਵਜੋਤ ਪਾਲ ਸਿੰਘ ਰੰਧਾਵਾ

75 ਪ੍ਰਤੀਸ਼ਤ ਤੋਂ ਵੱਧ ਵੋਟਿੰਗ ਟੀਚੇ ਨੂੰ ਹਾਸਲ ਕਰਨ ਲਈ ਸਵੀਪ ਗਤੀਵਿਧੀਆਂ ਤਹਿਤ ਦਿੱਤੀ ਜਾ ਰਹੀ ਹੈ ਵਿਸ਼ੇਸ਼ ਤਵੱਜੋਂ

5 Dariya News

ਨਵਾਂਸ਼ਹਿਰ 02-Apr-2024

ਸ਼ਾਂਤੀ ਪੂਰਵਕ ਲੋਕ ਸਭਾ ਚੋਣਾਂ ਕਰਵਾਉਣ ਦੇ ਲਈ ਪੁਲਿਸ ਅਤੇ ਜਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਉਨ੍ਹਾਂ ਦੱਸਿਆ ਕਿ  ਜ਼ਿਲ੍ਹੇ ਵਿੱਚ ਕੁੱਲ 4 ਲੱਖ 93 ਹਜ਼ਾਰ 282 ਯੋਗ ਵੋਟਰ ਹਨ, ਜਿੰਨ੍ਹਾਂ ਵਿਚੋਂ 2 ਲੱਖ 55 ਹਜ਼ਾਰ 545 ਪੁਰਸ਼ ਵੋਟਰ ਅਤੇ 2 ਲੱਖ 37 ਹਜ਼ਾਰ 718 ਮਹਿਲਾਵਾਂ ਵੋਟਰ ਅਤੇ ਥਰਡਜੈਂਡਰ ਦੇ 19 ਵੋਟਰ ਹਨ। 

ਇਸ ਤੋਂ ਇਲਾਵਾ 18 ਤੋਂ 19 ਸਾਲ ਦੀ ਉਮਰ ਦੇ 13 ਹਜ਼ਾਰ 311 ਵੋਟਰ, ਪੀ.ਡਬਲਿਯੂ.ਡੀ ਵੋਟਰਾਂ ਦੀ ਸੰਖਿਆ 5113, 85 ਸਾਲ ਤੋਂ ਵੱਧ ਉਮਰ ਦੇ 4559 ਅਤੇ 1287 ਸਰਵਿਸ ਵੋਟਰ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 615 ਪੋਲਿੰਗ ਬੂਥ ਬਣਾਏ ਹਨ, ਹਲਕਾ ਬੰਗਾ ‘ਚ 201, ਨਵਾਂਸ਼ਹਿਰ ‘ਚ 217 ਅਤੇ ਬਲਾਚੌਰ ‘ਚ 197 ਪੋਲਿੰਗ ਬੂਥ ਹਨ। ਇਸ ਤੋਂ ਇਲਾਵਾ 170 ਪੋਲਿੰਗ ਬੂਥ ਸਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ ਅਤੇ 6 ਪਿੰਕ, 1 ਪੀ.ਡਬਲਿਯੂ.ਡੀ, 3 ਯੂਥ ਮੈਨਜਡ ਅਤੇ 30 ਮਾਡਲ ਪੋਲਿੰਗ ਬੂਥ ਬਣਾਏ ਜਾ ਰਹੇ ਹਨ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਬਾਰ 75 ਪ੍ਰਤੀਸ਼ਤ ਤੋਂ ਵੱਧ ਵੋਟਿੰਗ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਦੇ ਲਈ ਸਵੀਪ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਵੱਧ ਤੋਂ ਵੱਧ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਵੋਟਾਂ ਸਬੰਧੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਜਿੱਥੇ 1950 ਨੰਬਰ ਜਾਰੀ ਕੀਤਾ ਗਿਆ ਹੈ, ਉਥੇ ਸੀ.ਵਿਜਲ ਐਪ ਅਤੇ ਈ.ਐਸ.ਐਮ.ਐਸ ਡਿਜੀਟਲ ਐਪ ਵੀ ਜਾਰੀ ਕੀਤੇ ਗਏ ਹਨ।

ਇਸ ਦੌਰਾਨ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਕਰਵਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਹੈ। ਜਿਲ੍ਹੇ ਦੇ ਵਿੱਚ ਬੀਐਸਐਫ  ਤੋਂ ਇਲਾਵਾ 400 ਤੋਂ ਵੱਧ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਜਿਲੇ ਦੀਆਂ ਸਰਹੱਦਾਂ ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਜਿਸ ਤੇ 24 ਘੰਟੇ ਜਵਾਨ ਮੁਸਤੈਦ ਰਹਿੰਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵਿੱਚ ਸਮੇਂ ਸਮੇਂ ਤੇ ਸਰਚ ਆਪਰੇਸ਼ਨ ਵੀ ਚਲਾਏ ਜਾ ਰਹੇ ਹਨ ਅਤੇ ਇਸ ਦੇ ਨਾਲ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ। 

ਉਹਨਾਂ ਨੇ ਕਿਹਾ ਕਿ ਐਨਡੀਪੀਐਸ ਐਕਟ ਤਹਿਤ ਹੁਣ ਤੱਕ 23 ਪਰਚੇ ਰਜਿਸਟਰ ਕੀਤੇ ਗਏ ਹਨ ਅਤੇ ਇਹਨਾਂ ਪਾਸੋਂ 183 ਗਰਾਮ ਹੀਰੋਇਨ ਅਤੇ 1100 ਪ੍ਰਤੀਬੰਧਿਤ ਨਸ਼ੀਲੀ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਐਕਸਾਈਜ ਐਕਟ ਦੇ ਤਹਿਤ 18 ਪਰਚੇ ਦਰਜ ਕਰਕੇ 17 ਅਕਿਊਜਡ ਗਿਰਿਫਤਾਰ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਜਿਲ੍ਹੇ ਦੇ ਵਿੱਚ 2921 ਅਸਲਾ ਧਾਰਕ ਹਨ ਉਹ ਇਹਨਾਂ ਵਿੱਚੋਂ 75% ਅਸਲੇ ਜਮਾ ਕਰਵਾ ਲੈ ਗਏ ਹਨ ਅਤੇ ਬਾਕੀ ਰਹਿੰਦੇ ਅਸਲੇ ਜਮਾ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ 8 ਭਗੋੜੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆਉਣ ਵਾਲੇ ਸਾਰੇ ਰਸਤਿਆਂ ‘ਤੇ ਕੈਮਰੇ ਲਗਾ ਦਿੱਤੇ ਗਏ ਹਨ ਅਤੇ ਹਰੇਕ ਦੇ ਆਉਣ-ਜਾਉਣ ‘ਤੇ  ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਲੋਕ ਸਭਾ ਚੋਣਾਂ ਵਿੱਚ ਵੱਡੇ ਪੱਧਰ ’ਤੇ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੈ ਅਤੇ ਇਸ ਵਿੱਚ ਪੂਰੇ ਉਤਸ਼ਾਹ ਨਾਲ ਸ਼ਿਰਕਤ ਕਰਨੀ ਚਾਹੀਦੀ ਹੈ। ਇਸ ਮੌਕੇ ਚੋਣ ਤਹਿਸੀਲਦਾਰ ਪਲਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।