5 Dariya News

ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕੀਤਾ ਪੋਲਿੰਗ ਬੂਥਾਂ ਦਾ ਦੌਰਾ

ਸ਼ਿਕਾਇਤ ਸੈਲ, ਐਮ.ਸੀ.ਐਮ.ਸੀ. ਕਮੇਟੀ ਤੋਂ ਇਲਾਵਾ ਚੋਣ ਦਫ਼ਤਰ ਦਾ ਦੌਰਾ ਕਰਕੇ ਕੀਤੇ ਜਾ ਰਹੇ ਕੰਮਾਂ ਦੀ ਲਈ ਜਾਣਕਾਰੀ

5 Dariya News

ਨਵਾਂਸ਼ਹਿਰ 02-Apr-2024

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਲੋਕ ਸਭਾ ਚੋਣਾਂ-2024 ਸਬੰਧੀ ਬਣਾਏ ਜਾਣ ਵਾਲੇ ਪੋਲਿੰਗ ਬੂਥਾਂ ਸਬੰਧੀ ਦੋਆਬਾ ਸਿੱਖ ਨੈਸ਼ਨਲ ਸਕੂਲ ਨਵਾਂਸ਼ਹਿਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੰਗੜੋਆ ਅਤੇ ਸਰਕਾਰੀ ਮਿਡਲ ਸਮਾਰਟ ਸਕੂਲ ਪੰਨੂ ਮਜਾਰਾ ਦਾ ਦੌਰਾ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨਾਲ ਐਸ.ਡੀ.ਐਮ. ਡਾ. ਅਕਸ਼ਿਤਾ ਗੁਪਤਾ, ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।

ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਪੋਲਿੰਗ ਬੂਥਾਂ ਦੀ ਸੁਰੱਖਿਆ ਅਤੇ ਪ੍ਰਬੰਧਾਂ ‘ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਤਿਆਰ ਕੀਤੇ ਗਏ 80 ਫੀਸਦੀ ਤੋਂ ਵੱਧ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਪੋਲਿੰਗ ਬੂਥਾਂ ‘ਤੇ ਉਪਲਬੱਧ ਹੋਣ ਵਾਲੀਆਂ ਮੂਲ ਸੁਵਿਧਾਵਾਂ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ ‘ਤੇ ਲਾਈਟ, ਪਖੇ, ਸੁਰੱਖਿਆ ਆਦਿ ਸਬੰਧੀ ਸਾਰੇ ਪ੍ਰਬੰਧ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ।

ਇਸ ਉਪਰੰਤ ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਨਵਜੋਤਪਾਲ ਸਿੰਘ ਰੰਧਾਵਾ ਵੱਲੋਂ ਜ਼ਿਲ੍ਹਾ ਚੋਣ ਦਫ਼ਤਰ ਦਾ ਦੌਰਾ ਕਰਕੇ ਚੋਣਾਂ ਸਬੰਧੀ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਵੱਲੋਂ ਸ਼ਿਕਾਇਤ ਸੈਲ 1950 ਦਾ ਵੀ ਦੌਰਾ ਕੀਤਾ ਗਿਆ ਅਤੇ ਡਿਊਟੀ ‘ਤੇ ਤਾਇਨਾਤ ਅਧਿਕਾਰੀ ਤੋਂ ਜਾਣਕਾਰੀ ਹਾਸਲ ਕੀਤੀ ਗਈ। 

ਉਨ੍ਹਾਂ ਦੱਸਿਆ ਕਿ ਸ਼ਿਕਾਇਤ ਸੈਲ 1950 ਜਿਲ੍ਹਾ ਪੱਧਰ ਤੇ 24 ਘੰਟੇ ਚੱਲ ਰਿਹਾ ਹੈ, ਕੋਈ ਵੀ ਨਗਾਰਿਕ ਵੋਟਾਂ ਸਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਦੇ ਨਾਲ -ਨਾਲ ਚੋਣ ਕਮਿਸ਼ਨਰ ਵਲੋਂ ਚੋਣਾਂ ਸਬੰਧੀ ਕੋਈ ਵੀ ਸ਼ਿਕਾਇਤ ਪ੍ਰਾਪਤ ਕਰਨ ਲਈ ਸੀ-ਵਿਜਲ ਐਪ ਚਲਾਈ ਗਈ ਹੈ, ਚੋਣਾਂ ਦੋਰਾਨ ਜਿਲ੍ਹੇ ਵਿੱਚ ਕਿਤੇ ਵੀ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੁੰਦੀ ਹੈ ਤਾਂ ਤੁਸੀ ਸੀ-ਵਿਜਲ ਐਪ ਰਾਹੀਂ ਸ਼ਿਕਾਇਤ ਕਰ ਸਕਦੇ ਹੋ, ਜਿਲ੍ਹੇ ਵਿੱਚ ਚੱਲ ਰਹੀਆਂ ਫਲਾਈਇੰਗ ਸਕੁਐਡ ਟੀਮਾ ਰਾਹੀਂ ਉਸ ਦਾ ਮੋਕੇ ਤੇ ਹੀ ਪਹੁੰਚ ਕੇ ਨਿਪਟਾਰਾ ਕੀਤਾ ਜਾਂਦਾ ਹੈ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤਪਾਲ ਸਿੰਘ ਰੰਧਾਵਾ ਵਲੋਂ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਐਮ.ਸੀ.ਐਮ.ਸੀ. ਦੇ ਨੋਡਲ ਅਫਸਰ-ਕਮ-ਡੀ.ਪੀ.ਆਰ.ਓ. ਅਰੁਣ ਚੌਧਰੀ ਵਲੋਂ ਜ਼ਿਲ੍ਹਾ ਚੋਣ ਅਫਸਰ ਨੂੰ ਮੀਡੀਆ ਮੋਨੀਟਰਿੰਗ ਐਂਡ ਸਰਟੀਫਿਕੇਸ਼ਨ ਕਮੇਟੀ ਦੇ ਕੰਮ-ਕਾਜ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਉਮੀਦਵਾਰਾਂ ਦੇ ਇਸ਼ਤਿਹਾਰਾਂ ਦੇ ਕੰਨਟੈਂਟ ਨੂੰ ਮਨਜ਼ੂਰੀ ਦੇਣ ਦੇ ਨਾਲ-ਨਾਲ ਉਨਾਂ ਦੇ ਸ਼ੋਸ਼ਲ ਮੀਡੀਆ ਖਾਤਿਆਂ ਉੱਪਰ ਵੀ ਕਰੜੀ ਨਿਗਰਾਨੀ ਕੀਤੀ ਜਾ ਰਹੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਹ ਵੀ ਦੱਸਿਆ ਕਿ ਐਮ.ਸੀ.ਐਮ.ਸੀ. ਵੱਲੋਂ ਪੇਡ ਨਿਊਜ਼ ਦੇ ਰੁਝਾਨ ਨੂੰ ਰੋਕਣ ਲਈ ਵੀ ਵਿਸ਼ੇਸ਼ ਟੀਮਾਂ ਰਾਹੀਂ ਅਖਬਾਰਾਂ ਤੇ ਵੱਖ-ਵੱਖ ਟੀ. ਵੀ. ਚੈਨਲਾਂ ਨੂੰ ਵਾਚਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਮ.ਸੀ.ਐਮ.ਸੀ ਸਬੰਧੀ ਰੋਜ਼ਾਨਾ ਤੌਰ ‘ਤੇ ਮੁੱਖ ਚੋਣ ਅਫ਼ਸਰ ਚੰਡੀਗੜ੍ਹ ਨੂੰ ਭੇਜੀ ਜਾਣ ਵਾਲੀ ਰਿਪੋਰਟ ਸਹੀ ਸਮੇਂ ‘ਤੇ ਭੇਜੀ ਜਾ ਰਹੀ ਹੈ। 

 ਪ੍ਰਿੰਟ, ਇਲੈਕਟ੍ਰੋਨਿਕ ਅਤੇ ਸ਼ੋਸ਼ਲ ਮੀਡੀਆ ਵਿੱਚ ਤਾਇਨਾਤ ਕੀਤੇ ਗਏ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਹਦਾਇਤ ਕੀਤੀ ਗਈ ਹੈ ਕਿ ਉਹ ਰੋਜ਼ਾਨਾ ਤੌਰ ‘ਤੇ ਸਾਰੀਆਂ ਅਖਬਾਰਾਂ ਵਿੱਚ ਛਪੀਆਂ ਖਬਰਾਂ ‘ਤੇ ਨਿਗਾ ਰੱਖਣਗੇ, ਜੇਕਰ ਗਠਿਤ ਕੀਤੀ ਗਈ ਐਮ.ਸੀ.ਐਮ.ਸੀ ਕਮੇਟੀ ਵੱਲੋਂ ਕਿਸੇ ਖਬਰ ਦੀ ਸੰਭਾਵੀ ਪੇਡ ਨਿਊਜ ਜਾਪਦੀ ਹੈ ਤਾਂ ਇਸ ਸਬੰਧੀ ਰੋਜ਼ਾਨਾ ਤੌਰ ‘ਤੇ ਕਾਰਵਾਈ ਕਰਦੇ ਹੋਏ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਦੇ ਧਿਆਨ ਵਿੱਚ ਲਿਆਉਂਦਾ ਜਾਵੇ। 

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਇਲੈਕਟ੍ਰੋਨਿਕ ਮੀਡੀਆ ਵਿੱਚ ਆਉਣ ਵਾਲੀਆਂ ਅਖਬਾਰਾਂ ਅਤੇ ਇਸ਼ਤਿਹਾਰਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸ਼ੋਸ਼ਲ ਮੀਡੀਆ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਵੀ ਸ਼ੋਸ਼ਲ ਮੀਡੀਆ ਪੋਸਟ ਅਤੇ ਹੋਰ ਗਤੀਵਿਧੀਆਂ ‘ਤੇ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ।