5 Dariya News

ਲੋਕ ਸਭਾ ਚੋਣਾਂ ਲਈ ਨਾਗਰਿਕਾਂ ਦੀ ਸੁਰੱਖਿਆ ਪੁਲਿਸ ਦੀ ਤਰਜੀਹ : ਰਵਜੋਤ ਗਰੇਵਾਲ

ਅਗਾਮੀ ਲੋਕ ਸਭਾ ਚੋਣਾਂ ਸਬੰਧੀ ਕੀਤੇ ਜਾ ਰਹੇ ਸਖਤ ਸੁਰੱਖਿਆ ਪ੍ਰਬੰਧ

5 Dariya News

ਫ਼ਤਹਿਗੜ੍ਹ ਸਾਹਿਬ 01-Apr-2024

ਅਗਾਮੀ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਚੋਣ ਪ੍ਰਕ੍ਰਿਆ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਮੁਕੰਮਲ ਕਰਨ ਲਈ ਕੀਤੇ ਜਾ ਰਹੇ ਹਨ ਸਖਤ ਸੁਰੱਖਿਆ ਪ੍ਰਬੰਧ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ.ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜ਼ਿਲ੍ਹਾ ਪੁਲਿਸ ਅਤੇ ਆਈ.ਟੀ.ਬੀ.ਪੀ. ਜਵਾਨਾਂ ਦੇ ਕਾਫਲੇ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਫਲੈਗ ਮਾਰਚ ਕੱਢਣ ਮੌਕੇ ਅਗਵਾਈ ਕਰਦਿਆਂ ਦਿੱਤੀ।

ਡਾ.ਗਰੇਵਾਲ ਨੇ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਪੁਲਿਸ ਦੀ ਤਰਜ਼ੀਹ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵੋਟਰਾਂ ਨੂੰ ਕਿਸੇ ਕਿਸਮ ਦਾ ਲਾਲਚ ਦੇਣ ਜਾਂ ਦਬਾਅ ਹੇਠ ਵੋਟਾਂ ਦੀ ਮੰਗ ਕਰਨ ਵਾਲੇ ਲੋਕਾਂ ਨੂੰ ਬਖਸਿ਼ਆ ਨਹੀਂ ਜਾਵੇਗਾ। 

ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੋਟਰਾਂ ਵਿੱਚ ਸੁਤੰਤਰ ਅਤੇ ਨਿਰਪੱਖ ਵੋਟਾਂ ਪਾਉਣ ਲਈ ਵਿਸ਼ਵਾਸ਼ ਪੈਦਾ ਕਰਨ ਵਾਸਤੇ  ਜ਼ਿਲ੍ਹੇ ਦੇ ਸਵੇਦਨਸ਼ੀਲ ਬੁੱਥਾਂ ਤੇ  ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਜੋ ਵੋਟਰ ਕਿਸੇ ਡਰ ਭੈਅ ਤੋਂ ਸਾਂਤਮਈ ਮਾਹੌਲ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।

ਇਸ ਮੌਕੇ ਆਈ.ਟੀ.ਬੀ.ਪੀ. ਦੇ ਸਹਾਇਕ ਕਮਾਂਡਰ ਸ੍ਰੀ ਸੁਲਤਾਨ ਸਿੰਘ ਨੇ ਦੱਸਿਆ ਕਿ  ਆਈ.ਟੀ.ਬੀ.ਪੀ ਦੀ ਪੂਰੀ ਕੰਪਨੀ ਇੱਕ ਮਹੀਨੇ ਤੋਂ ਜ਼ਿਲ੍ਹੇ ਵਿੱਚ ਤਾਇਨਾਤ ਕੀਤੀ ਗਈ ਹੈ ਜਿਸ ਵਿੱਚ ਲਗਭਗ 90 ਅਧਿਕਾਰੀ ਅਤੇ ਜਵਾਨ ਲਗਾਤਾਰ ਡਿਊਟੀ ਨਿਭਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਜ਼ਿਲ੍ਹੇ ਵਿੱਚ ਬਹੁਤ ਹੀ ਸ਼ਾਤਮਈ ਮਾਹੌਲ ਪਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਕੋਈ ਵੀ ਸ਼ਰਾਰਤੀ ਅਨਸਰ ਵੋਟਾਂ ਦੌਰਾਨ ਮਾਹੌਲ ਨਾ ਖ਼ਰਾਬ ਕਰੇ ਇਸ ਲਈ ਆਈ.ਟੀ.ਬੀ.ਪੀ. ਦੇ ਜਵਾਬ ਪੂਰੀ ਮੁਸਤੈਦੀ ਨਾਲ ਡਿਊਟੀ ਕਰ ਰਹੇ ਹਨ। 

ਉਹਨਾਂ ਕਿਹਾ ਕਿ ਕੁਝ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਿਹੜਾਂ ਸਮਾਨ ਆਪਣੇ ਨਾਲ ਰੱਖ ਸਕਦੇ ਹਨ ਇਸ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਚ ਸਮਝ ਕੇ ਕੰਮ ਕਰਨ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਮਹਣਾ ਨਾ ਕਰਨਾ ਪਵੇ। ਸੁਲਤਾਨ ਸਿੰਘ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਤੋਂ ਨਿਰਪੱਖ ਹੋ ਕੇ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ।