5 Dariya News

ਰੂਪਨਗਰ ਪੁਲਿਸ ਨੇ ਦੁਕਾਨਦਾਰ ਨੂੰ ਲੁੱਟਣ ਵਾਲੇ ਤੇ ਰਿਵਾਲਵਰ ਖੋਹਣ ਵਾਲੇ ਗਿਰੋਹ ਦੇ 03 ਮੈਂਬਰਾਂ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕੀਤਾ

ਗਿਰੋਹ ਦਾ ਸਰਗਨਾ ਜਗਦੀਪ ਸਿੰਘ 302 ਦੇ ਮਾਮਲੇ ਤੋਂ ਜ਼ਮਾਨਤ ‘ਤੇ ਆਇਆ ਸੀ ਬਾਹਰ

5 Dariya News

ਰੂਪਨਗਰ 28-Mar-2024

ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਨਾ ਆਈ.ਪੀ.ਐਸ. ਨੇ ਪ੍ਰੈਸ ਕਾਨਫਰੰਸ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਿਲ੍ਹਾ ਪੁਲਿਸ ਵਲੋਂ ਨੂਰਪੁਰ ਬੇਦੀ ਵਿਖੇ ਇੱਕ ਦੁਕਾਨਦਾਰ ਤੋਂ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 03 ਮੈਂਬਰਾਂ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਹੋਰ ਖੁਲਾਸਾ ਕਰਦੇ ਹੋਏ ਸ. ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਹੈ ਕਿ ਮਨੋਜ ਕੁਮਾਰ ਜੋਸ਼ੀ ਵਾਸੀ ਨੂਰਪੁਰ ਬੇਦੀ ਜੋ ਕਿ ਭੱਦੀ ਰੋਡ ਨੂਰਪੁਰ ਬੇਦੀ ਵਿਖੇ ਕੰਨਫੈਕਸ਼ਨਰੀ ਅਤੇ ਮੋਬਾਇਲਾਂ ਦੀ ਦੁਕਾਨ ਕਰਦਾ ਹੈ ਉਹ ਮਿਤੀ 26 ਮਾਰਚ, 2024 ਨੂੰ ਰਾਤ ਦੇ ਕਰੀਬ 10:30 ਵਜੇ ਜਦੋਂ ਆਪਣੀ ਦੁਕਾਨ ਬੰਦ ਕਰਨ ਲਈ ਸਮਾਨ ਦੁਕਾਨ ਅੰਦਰ ਰੱਖ ਰਿਹਾ ਸੀ ਤਾਂ 04-05 ਵਿਅਕਤੀ ਜਿੰਨ੍ਹਾਂ ਦੇ ਮੂੰਹ ਢੱਕੇ ਹੋਏ ਸਨ, ਉਸ ਦੀ ਦੁਕਾਨ ਵਿੱਚ ਵੜ੍ਹ ਗਏ। 

ਇਸ ਗਿਰੋਹ ਵਿਚੋਂ 02 ਵਿਅਕਤੀਆਂ ਕੋਲ ਦਾਤ ਸੀ ਤਾਂ ਮਨੋਜ ਕੁਮਾਰ ਇਨ੍ਹਾਂ ਵਿਅਕਤੀਆਂ ਨੂੰ ਬਾਹਰ ਕੱਢਣ ਲੱਗਾ ਤਾਂ ਉਨ੍ਹਾਂ ਨੇ ਉਸ ਉਤੇ ਦਾਤ ਨਾਲ ਵਾਰ ਕੀਤੇ ਅਤੇ ਇਸਦੀ .22 ਬੋਰ ਦੀ ਲਾਇਸੰਸੀ ਰਿਵਾਲਵਰ ਖੋਹ ਲਈ ਅਤੇ ਨਾਲ ਹੀ ਇਸਦੀ ਜੇਬ ਅਤੇ ਦੁਕਾਨ ਵਿਚੋਂ 19,500 ਰੁਪਏ ਦੀ ਰਕਮ ਵੀ ਲੁੱਟ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਮਨੋਜ ਕੁਮਾਰ ਜੋਸ਼ੀ ਦੇ ਬਿਆਨ ਦੇ ਅਧਾਰ ਤੇ ਮੁਕੱਦਮਾ ਨੰ 19 ਮਿਤੀ 27-03-2024 ਅ/ਧ 323, 458, 397 ਤਹਿਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਸੀ.ਆਈ.ਏ ਰੂਪਨਗਰ ਅਤੇ ਮੁੱਖ ਅਫਸਰ ਥਾਣਾ ਨੂਰਪੁਰ ਬੇਦੀ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆ। 

ਉਨ੍ਹਾਂ ਅੱਗੇ ਦੱਸਿਆ ਕਿ ਗਠਿਤ ਟੀਮਾਂ ਵਲੋਂ ਮੁਕੱਦਮੇ ਦੀ ਤਫਤੀਸ਼ ਵਿਗਿਆਨਿਕ ਅਤੇ ਤਕਨੀਕੀ ਢੰਗ ਨਾਲ ਕਰਦੇ ਹੋਏ ਇਸ ਗਰੋਹ ਦੇ 03 ਮੈਂਬਰਾਂ ਜਗਦੀਪ ਸਿੰਘ ਉਰਫ ਬੱਬੂ ਬਾਜਵਾ ਵਾਸੀ ਰਾਹੋਂ, ਜਸਕਿਰਨ ਸਿੰਘ ਉਰਫ ਜੱਸਾ ਵਾਸੀ ਰੋਤਾਂ ਮੁਹੱਲਾ ਰਾਹੋਂ ਅਤੇ ਜਸਕਰਨ ਸਿੰਘ ਵਾਸੀ ਰਾਹੋਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਮਿਤੀ 27.03.2024 ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿਚ 02 ਦੋਸ਼ੀਆ ਦੀ ਗ੍ਰਿਫਤਾਰੀ ਬਾਕੀ ਹੈ ਜਿਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਐੱਸ.ਐੱਸ.ਪੀ ਨੇ ਦੱਸਿਆ ਕਿ ਇਸ ਗਿਰੋਹ ਵਲੋਂ ਹੋਲਾ ਮਹੱਲਾ ਤੋਂ ਪਰਤਣ ਉਪਰੰਤ ਇਹ ਸਾਜਿਸ਼ ਰਚੀ ਗਈ ਸੀ ਅਤੇ ਗਿਰਫ਼ਤਾਰ ਦੋਸ਼ੀਆਂ ਪਾਸੋਂ ਖੋਹੀ ਲਾਇੰਸਸੀ ਰਿਵਾਲਵਰ .22 ਬੋਰ ਅਤੇ ਇੱਕ ਦਾਤ ਤੇ ਵਾਰਦਾਤ ਵਿੱਚ ਵਰਤੀ ਆਲਟੋ ਕਾਰ ਪੀ.ਬੀ 32ਵੀ 7376 ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਕਰ ਇਸ ਗਿਰੋਹ ਦਾ ਸਰਗਨਾ ਜਗਦੀਪ ਸਿੰਘ ਉਰਫ ਬੱਬੂ ਬਾਜਵਾ ਹੈ, ਜੋ ਕਿ ਅਪਰਾਧਿਕ ਪ੍ਰਵਿਰਤੀ ਦਾ ਹੈ ਜਿਸ ਦੇ ਖਿਲਾਫ ਪਹਿਲਾ ਵੀ ਲੁੱਟ ਖੋਹ, ਕਤਲ ਦੇ ਮੁਕੱਦਮੇ ਦਰਜ ਹਨ। ਮੁਲਜ਼ਮਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਕੋਲੋਂ ਹੋਰ ਵੀ ਅਹਿਮ ਸੁਰਾਗ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਸ ਮੌਕੇ ਸੀ.ਆਈ.ਏ. ਇੰਚਾਰਜ ਸ. ਮਨਫੂਲ ਸਿੰਘ ਤੇ ਐਸ.ਐਚ.ਓ. ਨੂਰਪੁਰ ਬੇਦੀ ਸ਼੍ਰੀ ਹਰਸ਼ ਮੋਹਨ ਗੌਤਮ ਵੀ ਹਾਜ਼ਰ ਸਨ।