5 Dariya News

ਕਣਕ ਦੀ ਖਰੀਦ ਅਤੇ ਸਾਂਭ-ਸੰਭਾਲ ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ

5 Dariya News

ਰੂਪਨਗਰ 27-Mar-2024

ਰੱਬੀ ਸੀਜ਼ਨ 2024-25 ਪੰਜਾਬ ਰਾਜ ਵਿੱਚ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ।  ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਈ ਜਾਣ ਵਾਲੀ ਕਣਕ ਨੂੰ ਖਰੀਦਣ ਅਤੇ ਸਾਂਭ-ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਅੱਜ ਮਿੰਨੀ ਸਕੱਤਰੇਤ, ਰੂਪਨਗਰ ਵਿਖੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹੇ ਦੇ ਅਧਿਕਾਰੀਆਂ ਤੇ ਏਜੰਸੀਆਂ ਨਾਲ ਕਣਕ ਦੀ ਖਰੀਦ ਅਤੇ ਸਾਂਭ-ਸੰਭਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। 

ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੰਡੀ ਬੋਰਡ ਵੱਲੋਂ 26 ਮੰਡੀਆਂ ਨੋਟੀਫਾਈ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਮੰਡੀਆਂ ਵਿੱਚ ਕਣਕ ਦੀ ਖਰੀਦ ਕਰਨ ਲਈ ਬਾਰਦਾਨੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾ ਦੀ ਫਸਲ ਸਮੇਂ ਸਿਰ ਖਰੀਦ ਕਰਨ ਤੋਂ ਬਾਅਦ ਕਿਸਾਨਾ ਨੂੰ ਅਦਾਇਗੀ 48 ਘੰਟਿਆਂ ਦੇ ਅੰਤਰਾਲ ਵਿੱਚ ਹੀ ਕੀਤੀ ਜਾਵੇਗੀ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੀ ਹਰ ਇੱਕ ਮੰਡੀ ਵਿੱਚ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਨੂੰ 72 ਘੰਟਿਆਂ ਦੇ ਅੰਦਰ-2 ਮੰਡੀ ਵਿਚੋਂ ਚੁੱਕ ਕੇ ਭੰਡਾਰ ਕਰਨ ਵਾਲੀ ਥਾਂ ਤੇ ਸਟੋਰ ਕਰਨ ਲਈ ਸਰਕਾਰ ਵੱਲੋਂ ਲੇਬਰ, ਲੇਬਰ-ਕਾਰਟੇਜ, ਟਰਾਂਸਪੋਰਟੇਸ਼ਨ ਦੇ ਟੈਂਡਰ ਪਹਿਲਾਂ ਹੀ ਵਿਵਸਥਿਤ ਕੀਤੇ ਜਾ ਚੁੱਕੇ ਹਨ ਅਤੇ ਸੀਜ਼ਨ ਦੌਰਾਨ ਬਾਹਰਲੇ ਰਾਜਾਂ ਤੋਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਐਮ.ਐਸ.ਪੀ. ਉਤੇ ਕਣਕ ਵੇਚਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਟਰ-ਸਟੇਟ ਨਾਕੇ ਅਤੇ ਫਲਾਇੰਗ ਸਕੁਐਡ ਰਾਹੀਂ ਵਾਹਨਾ ਦੀ ਚੈਕਿੰਗ ਕਰਨ ਦੀ ਕਾਰਵਾਈ ਵੀ ਸੁ਼ਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਮੰਡੀ ਵਿੱਚ ਫਸਲ ਸੁਕਾ ਕੇ ਲਿਆਂਦੀ ਜਾਵੇ ਤਾਂ ਜੋ ਫਸਲ ਦੀ ਬੋਲੀ ਸਮੇਂ ਸਿਰ ਲੱਗ ਸਕੇ ਅਤੇ ਕਿਸਾਨ ਬਿਨਾਂ ਕਿਸੇ ਦੇਰੀ ਤੋਂ ਆਪਣੀ ਫਸਲ ਦੀ ਕੀਮਤ ਵਸੂਲ ਸਕਣ। ਇਸ ਮੌਕੇ ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਪਲਾਈਜ਼ ਸ੍ਰੀ ਸਤਵੀਰ ਸਿੰਘ ਮਾਵੀ, ਜ਼ਿਲ੍ਹਾ ਮੈਨੇਜਰ ਮਾਰਕਫੈੱਡ ਸ੍ਰੀ ਬਲਜਿੰਦਰ ਸਿੰਘ ਕਾਹਲੋਂ,  ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਸੁਰਿੰਦਰਪਾਲ, ਖੇਤੀਬਾੜੀ ਅਫ਼ਸਰ ਸ੍ਰੀ ਪੰਕਜ ਸਿੰਘ, ਅਤੇ ਪਨਸਪ, ਪੰਜਾਬ ਵੇਅਰ ਹਾਊਸ ਤੇ ਐਫ.ਸੀ.ਆਈ. ਏਜੰਸੀ ਦੇ ਨੁਮਾਇੰਦੇ ਹਾਜ਼ਰ ਸਨ।