ਟੀ.ਬੀ. (ਤਪਦਿਕ) ਦੇ ਲੱਛਣ ਵਾਲੇ ਲੋਕ ਕਰਾਉਣ ਜਲਦੀ ਜਾਂਚ : ਸਿਵਲ ਸਰਜਨ ਬਰਨਾਲਾ
ਸਰਕਾਰੀ ਹਸਪਤਾਲਾਂ 'ਚ ਤਪਦਿਕ ਬਿਮਾਰੀ ਦੇ ਟੈਸਟ ਅਤੇ ਇਲਾਜ ਮੁਫਤ
5 Dariya News
ਬਰਨਾਲਾ 26-Mar-2024
ਸਿਹਤ ਵਿਭਾਗ ਵੱਲੋਂ ਟੀ.ਬੀ. (ਤਪਦਿਕ) ਦੇ ਸ਼ੱਕੀ ਮਰੀਜਾਂ ਦੇ ਮੁਫਤ ਟੈਸਟ ਅਤੇ ਇਲਾਜ ਕੀਤਾ ਜਾਂਦਾ ਹੈ ਤਾਂ ਜੋ 2025 ਤੱਕ ਇਸ ਬਿਮਾਰੀ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸ਼ਰਜਨ ਡਾ. ਹਰਿੰਦਰ ਸ਼ਰਮਾ ਵੱਲੋਂ ਕੀਤਾ ਗਿਆ। ਸੀਨੀਅਰ ਮੈਡੀਕਲ ਅਫਸਰ ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਟੀ.ਬੀ. ਦੀ ਬਿਮਾਰੀ ਇਲਾਜਯੋਗ ਹੈ।ਇਸ ਲਈ ਬਿਨਾਂ ਦੇਰੀ ਤੋਂ ਸਿਵਲ ਹਸਪਤਾਲ 'ਚ ਜਾਂਚ ਕਰਵਾ ਕੇ ਪੂਰਾ ਇਲਾਜ ਕਰਵਾਉਣਾ ਚਾਹੀਦਾ ਹੈ।
ਡਾ. ਮੋਨਿਕਾ ਬਾਂਸਲ ਜ਼ਿਲ੍ਹਾ ਟੀ.ਬੀ. ਨੋਡਲ ਅਫ਼ਸਰ ਨੇ ਦੱਸਿਆ ਕਿ ਟੀ.ਬੀ. ਦਾ ਇਲਾਜ ਸੰਭਵ ਹੈ। ਜਿਸ ਲਈ ਸਮੇਂ ਸਿਰ ਰੋਗੀ ਦੀ ਪਹਿਚਾਣ ਹੋਣੀ ਜਰੂਰੀ ਹੈ।ਇਸ ਲਈ ਜੇਕਰ ਕਿਸੇ ਵੀ ਵਿਅਕਤੀ ਨੂੰ ਦੋ ਹਫਤਿਆਂ ਜਾਂ ਉਸ ਤੋਂ ਵੱਧ ਲਗਾਤਾਰ ਖਾਂਸੀ,ਭਾਰ ਘੱਟਦਾ ਹੋਵੇ, ਬੁਖਾਰ ਜਾਂ ਭੁੱਖ ਘੱਟ ਲੱਗਦੀ ਹੋਵੇ ਤਾਂ ਉਸ ਨੂੰ ਟੀ.ਬੀ. ਦੀ ਸ਼ਿਕਾਇਤ ਹੋ ਸਕਦੀ ਹੈ । ਇਸ ਲਈ ਨੇੜੇ ਦੇ ਸਰਕਾਰੀ ਹਸਪਤਾਲਾਂ 'ਚ ਡਾਕਟਰੀ ਸਲਾਹ, ਬਲਗਮ ਦੀ ਜਾਂਚ,ਛਾਤੀ ਦੇ ਐਕਸ-ਰੇ ਅਤੇ ਸੀ.ਬੀ. ਨਾਟ ਟੈਸਟ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਸਰਕਾਰ ਦੀ ਤਰਫੋਂ ਟੀ.ਬੀ. ਦਾ ਇਲਾਜ ਡਾਟਸ ਪ੍ਰਣਾਲੀ ਰਾਹੀਂ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਸਿਹਤ ਵਿਭਾਗ ਵੱਲੋਂ ਡਾਟ ਸੈਂਟਰ ਹਰ ਪਿੰਡ ਅਤੇ ਸ਼ਹਿਰ ਵਿੱਚ ਖੋਲੇ ਗਏ ਹਨ ਜਿੱਥੇ ਟੀ.ਬੀ. ਦੀ ਮੁਫਤ ਦਵਾਈ ਖਵਾਈ ਜਾਂਦੀ ਹੈ। ਟੀ.ਬੀ. ਦੇ ਮਰੀਜਾਂ ਨੂੰ ਮੌਕੇ 'ਤੇ ਸਲਾਹ ਦਿੱਤੀ ਜਾਂਦੀ ਹੈ ਕਿ ਓਹ ਆਪਣੀ ਦਵਾਈ ਦਾ ਕੋਰਸ ਪੂਰਾ ਕਰਨ ਕਿਓਂਕਿ ਇਲਾਜ ਅਧੂਰਾ ਛੱਡਣ ਨਾਲ ਇਹ ਰੋਗ ਦੁਬਾਰਾ ਹੋ ਜਾਂਦਾ ਹੈ ਤੇ ਇਕ ਖਤਰਨਾਕ ਟੀ.ਬੀ.ਹੋਣ ਦਾ ਖਤਰਾ ਰਹਿੰਦਾ ਹੈ ਜਿਸ ਦਾ ਇਲਾਜ ਲੰਬਾ ਹੁੰਦਾ ਹੈ।