5 Dariya News

ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ "ਸੁਪਨਿਆਂ ਦੀ ਸੈਰ" ਅਤੇ ਰਣਜੀਤ ਲਹਿਰਾ ਦੀ ਕਿਤਾਬ "ਜੈਤੋ ਦਾ ਇਤਿਹਾਸਕ ਮੋਰਚਾ" ਲੋਕ ਅਰਪਣ

23 ਮਾਰਚ ਦੇ ਦਿਹਾੜੇ 'ਤੇ ਬੀਬੀ ਮਨਜੀਤ ਕੌਰ ਔਲਖ ਨੇ ਰੀਲੀਜ਼ ਕੀਤੀਆਂ ਕਿਤਾਬਾਂ

5 Dariya News

ਲਹਿਰਾਗਾਗਾ 25-Mar-2024

ਪ੍ਰਸਿੱਧ ਨਾਟਕਕਾਰ ਪ੍ਰੋ: ਅਜਮੇਰ ਔਲਖ ਦੀ ਜੀਵਨ ਸਾਥੀ ਅਤੇ ਪੰਜਾਬੀ ਰੰਗਮੰਚ ਤੇ ਸਿਨੇਮਾ ਦੀ ਮਾਣਮੱਤੀ ਅਦਾਕਾਰਾ ਮਨਜੀਤ ਕੌਰ ਔਲਖ ਨੇ ਲੋਕ ਚੇਤਨਾ ਮੰਚ ਦੇ ਆਗੂ ਜਗਦੀਸ਼ ਪਾਪੜਾ ਦੀ ਪੁਸਤਕ "ਸੁਪਨਿਆਂ ਦੀ ਸੈਰ" ਅਤੇ ਰਣਜੀਤ ਲਹਿਰਾ ਦੀ ਪੁਸਤਕ "ਜੈਤੋ ਦਾ ਇਤਿਹਾਸਕ ਮੋਰਚਾ" ਲੋਕ ਅਰਪਨ ਕੀਤੀਆਂ। ਜਗਦੀਸ਼ ਪਾਪੜਾ ਦੀ ਪੁਸਤਕ "ਸੁਪਨਿਆਂ ਦੀ ਸੈਰ" ਲੇਖਕ ਦੇ ਦੋ ਸਫ਼ਰਨਾਮਿਆਂ ਦੀ ਇੱਕ ਰੌਚਕ ਤੇ ਜਾਣਕਾਰੀ ਭਰਪੂਰ ਪੁਸਤਕ ਹੈ। 

ਇਹ ਸਿਰਫ਼ ਸਫ਼ਰਨਾਮਾ ਨਹੀਂ ਸਗੋਂ ਸੰਸਾਰੀਕਰਨ ਵਿਰੋਧੀ ਕਿਸਾਨਾਂ ਦੇ ਅੰਤਰ-ਮਹਾਂਦੀਪੀ ਕਾਰਵਾਂ ਦੀ ਰਿਪੋਰਟਿੰਗ ਵੀ ਹੈ। ਇਹ ਕਾਰਵਾਂ ਵੱਖ-ਵੱਖ ਦੇਸ਼ਾਂ ਦੇ ਕਿਸਾਨ ਸੰਗਠਨਾਂ ਵੱਲੋਂ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਖਿਲਾਫ਼ ਕਿਸਾਨਾਂ-ਮਜ਼ਦੂਰਾਂ ਨੂੰ ਜਾਗਰੂਕ ਕਰਨ ਲਈ ਯੂਰਪ ਦੇ ਡੇਢ ਦਰਜ਼ਨ ਤੋਂ ਵੱਧ ਮੁਲਕਾਂ ਵਿੱਚ ਕੱਢਿਆ ਗਿਆ ਸੀ। 

ਦੂਜਾ ਸਫ਼ਰਨਾਮਾ "ਕੈਨੇਡਾ ਵਾਇਆ ਤੁਰਕੀ" ਤੁਰਕੀ ਦੇ ਪ੍ਰਸਿੱਧ ਸ਼ਹਿਰ ਇੰਸਤਾਬੁਲ ਦੀ ਇਤਿਹਾਸਕ, ਭੂਗੋਲਿਕ, ਰਾਜਸੀ ਤੇ ਧਾਰਮਿਕ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਪੁਸਤਕ ਆਟਮ ਪ੍ਰਕਾਸ਼ਨ, ਪਟਿਆਲਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ। ਰਣਜੀਤ ਲਹਿਰਾ ਦੀ ਪੁਸਤਕ "ਜੈਤੋ ਦਾ ਇਤਿਹਾਸਕ ਮੋਰਚਾ" ਇੱਕ ਹੋਰ ਵਿਚਾਰ ਉਤੇਜਕ ਪੁਸਤਕ ਹੈ ਜਿਹੜੀ ਸੌ ਸਾਲ ਪਹਿਲਾਂ ਅੰਗਰੇਜ਼ੀ ਹਕੂਮਤ ਖਿਲਾਫ਼ ਲੱਗੇ ਜੈਤੋ ਦੇ ਮੋਰਚੇ ਦੀ ਇਤਿਹਾਸਕ ਵਿਰਾਸਤ ਨੂੰ ਬੁਲੰਦ ਕਰਦੀ ਹੈ ਅਤੇ ਢਾਈ ਸਾਲ ਤੋਂ ਵੱਧ ਲੰਮੇ ਚੱਲੇ ਸ਼ਾਂਤਮਈ ਮੋਰਚੇ ਵਿੱਚ ਅੰਗਰੇਜ਼ੀ ਹਕੂਮਤ ਦਾ ਬੇਰਹਿਮ ਜਬਰ ਸਹਿੰਦੇ ਹੋਏ ਕੀਤੀਆਂ ਬੇਮਿਸਾਲ ਕੁਰਬਾਨੀਆਂ ਦੀ ਅਦੁੱਤੀ ਗਾਥਾ ਨੂੰ ਬਿਆਨ ਕਰਦੀ ਹੈ। 

ਪੁਸਤਕ ਜੈਤੋ ਦੇ ਮੋਰਚੇ ਸਮੇਤ ਕਈ ਹੋਰਨਾਂ ਮੋਰਚਿਆਂ ਦੀ ਇੱਕ ਗੁੰਮਨਾਮ ਵੀਰਾਂਗਣਾ ਮਾਤਾ ਸੋਧਾਂ ਦੇ ਜੁਝਾਰੂ ਜੀਵਨ 'ਤੇ ਝਾਤ ਪਵਾਉਂਦੀ ਹੈ। ਇਹ ਪੁਸਤਕ ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ। ਇਸ ਮੌਕੇ ਮੰਚ ਦੀ ਸਮੁੱਚੀ ਆਗੂ ਟੀਮ ਅਤੇ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਦੋਵਾਂ ਲੇਖਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਲੋਕ ਚੇਤਨਾ ਮੰਚ, ਲਹਿਰਾਗਾਗਾ ਨੂੰ ਮਾਣ ਹੈ ਕਿ ਉਸਦੇ ਦੋ ਮੈਂਬਰਾਂ ਨੇ ਪੁਸਤਕਾਂ ਲਿਖ ਕੇ ਮੰਚ ਦਾ ਨਾਮ ਉੱਚਾ ਕੀਤਾ ਹੈ ਅਤੇ ਪੰਜਾਬੀ ਸਾਹਿਤ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ।