5 Dariya News

ਮਿਸ਼ਨ ਡਾਇਰੈਕਟਰ ਨੇ ਸਿਵਲ ਸਰਜਨਾ ਨਾਲ ਕੀਤੀ ਵਰਚੁਅਲ ਮੀਟਿੰਗ

ਸਿਹਤ ਸੇਵਾਵਾਂ ਦਾ ਲਿਆ ਜਾਇਜਾ

5 Dariya News

ਫਤਿਹਗੜ੍ਹ ਸਾਹਿਬ 19-Mar-2024

ਮਿਸ਼ਨ ਡਾਇਰੈਕਟਰ ਐਨ.ਐਚ.ਐਮ. ਸ਼੍ਰੀ ਅਭਿਨਵ ਤ੍ਰਿੱਖਾ (ਆਈ.ਏ.ਐਸ) ਨੇ ਸੂਬੇ ਦੇ ਸਮੂਹ ਸਿਵਲ ਸਰਜਨਾਂ ਨਾਲ ਵੀਡਿਓ ਕਾਨਫਰੰਸ ਕਰਕੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਨੇ ਇਸ ਸਬੰਧੀ ਮਿਸ਼ਨ ਡਾਇਰੈਕਟਰ ਨੂੰ ਜਾਣਕਾਰੀ ਦਿੰਦੇ ਹੋਏ ਜਿਲ੍ਹੇ ਦੇ ਸਾਰੇ ਪ੍ਰੋਗਰਾਮਾਂ ਦੀ ਪ੍ਰਗਤੀ ਰਿਪੋਰਟ ਅਤੇ ਵੱਖ-ਵੱਖ ਪ੍ਰੋਗਰਾਮਾਂ ਲਈ ਆਏ ਫੰਡਾਂ ਦੇ ਖਰਚ ਦੇ ਸਟੇਟਸ ਬਾਰੇ ਜਾਣੂ ਕਰਾਇਆ। 

ਮੀਟਿੰਗ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਮਿਸ਼ਨ ਡਾਇਰੈਕਟਰ ਨੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਾਰੇ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਅਤੇ ਲੋੜੀਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਸੂਬਾ ਪੱਧਰ ਤੋਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲੇ ਨੂੰ ਦਿੱਤੇ ਗਏ ਟੀਚਿਆਂ ਨੂੰ 31 ਮਾਰਚ ਤੱਕ ਪੂਰਾ ਕਰਨ ਦੀ ਹਦਾਇਤ ਵੀ ਕੀਤੀ । ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਮ ਲੋਕਾਂ ਨੂੰ ਸਿਹਤ ਸਬੰਧੀ ਪ੍ਰੋਗਰਾਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। 

ਜਿਸਦਾ ਆਮ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਇਸ ਨਾਲ ਕੋਈ ਵੀ ਵਿਅਕਤੀ ਆਪਣੀ ਸਿਹਤ ਸਬੰਧੀ ਜਾਗਰੂਕ ਹੋ ਕੇ ਕਿਸੇ ਵੀ ਬਿਮਾਰੀ ਪ੍ਰਤੀ ਅਗਾਊ ਸਤਰਕ ਹੋ ਕੇ ਆਪਣਾ ਬਚਾਅ ਕਰ ਸਕਦਾ ਹੈ ਅਤੇ ਲੋੜ ਪੈਣ ਤੇ ਸਿਹਤ ਵਿਭਾਗ ਦੀਆਂ ਸੁਝਾਈਆਂ ਗਈਆਂ ਸਕੀਮਾਂ ਦਾ ਵੀ ਫਾਇਦਾ ਉਠਾ ਸਕਦਾ ਹੈ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਆਏ ਫੰਡਾਂ ਦੀ ਵਰਤੋਂ ਕਰਨ, ਗੈਰ ਹਾਜ਼ਰ ਚਲ ਰਹੇ ਸਟਾਫ ਦੀ ਥਾਂ ਨਵਾਂ ਸਟਾਫ਼ ਰੱਖਣ ਦੇ ਉਪਰਾਲੇ ਕਰਨ, ਵਿਭਾਗ ਦੇ ਕੰਮ ਨੂੰ ਪੋਰਟਲ ਤੇ ਆਨਲਾਈਨ ਕਰਨ ਆਦਿ ਸਬੰਧੀ ਵੀ ਉਚ ਅਧਿਕਾਰੀਆਂ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 

ਉਹਨਾਂ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਮਿਲੀਆ ਹਦਾਇਤਾਂ ਦੀ ਇਨਬਿੰਨ ਪਾਲਣਾ ਕੀਤੀ ਜਾਵੇਗੀ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਸਵਪਨਜੀਤ ਕੌਰ , ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਰਿਤਾ,  ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਦਲਜੀਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾ ਬਲਕਾਰ ਸਿੰਘ, ਜਿਲਾ ਸਿਹਤ ਅਫਸਰ ਜਗਜੀਤ ਸਿੰਘ, ਡੀ.ਪੀ.ਐਮ. ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਮਹਾਵੀਰ ਸਿੰਘ, ਵਿੱਕੀ ਵਰਮਾਂ , ਮੁਨੀਸ਼ ਕੁਮਾਰ ਆਦਿ ਹਾਜ਼ਰ ਸਨ।