5 Dariya News

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ 30 ਨੁਕਾਤੀ ਲੋਕ-ਏਜੰਡਾ ਜਾਰੀ ਕਰਨ ਦਾ ਐਲਾਨ

ਵੋਟ ਪਾਰਟੀਆਂ ਦੇ ਭਰਮਾਊ ਨਾਹਰਿਆਂ ਤੇ ਝੂਠੇ ਮੈਨੀਫੈਸਟੋਆਂ ਦੀ ਥਾਂ ਅਸਲ ਲੋਕ ਮੁੱਦੇ ਉਭਾਰਨ ਦਾ ਫੈਸਲਾ

5 Dariya News

ਚੰਡੀਗੜ੍ਹ 18-Mar-2024

ਲੋਕ ਸਭਾ ਚੋਣਾਂ 'ਚ ਲੱਗੀਆਂ ਹਾਕਮ ਪਾਰਟੀਆਂ ਦੀਆਂ ਚੋਣ ਮੁਹਿੰਮਾਂ ਦਰਮਿਆਨ ਪੰਜਾਬ ਦੀਆਂ ਲੋਕ ਜਥੇਬੰਦੀਆਂ ਵੱਲੋਂ ਲੋਕਾਂ ਦੇ ਅਸਲ ਮੁੱਦਿਆਂ ਵਾਲਾ 30 ਨੁਕਾਤੀ ਲੋਕ-ਏਜੰਡਾ ਨਾਂ ਦਾ ਦਸਤਾਵੇਜ਼ ਬਰਨਾਲੇ ਦੀ ਕਾਨਫਰੰਸ ਤੋਂ ਜਾਰੀ ਕੀਤਾ ਜਾਵੇਗਾ। ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ 23 ਮਾਰਚ ਮੌਕੇ ਬਰਨਾਲੇ 'ਚ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਦੇ ਮੌਕੇ ਪੰਜਾਬ ਦੀਆਂ ਸੰਘਰਸ਼ਸ਼ੀਲ ਲੋਕ ਜਥੇਬੰਦੀਆਂ ਹਾਕਮਾਂ ਦੀਆਂ ਵੋਟ ਪਾਰਟੀਆਂ ਦੇ ਭਰਮਾਊ ਨਾਹਰਿਆਂ ਤੇ ਝੂਠੇ ਮੈਨੀਫੈਸਟੋਆਂ ਦੇ ਮੁਕਾਬਲੇ ਅਸਲ ਲੋਕ ਮੁੱਦਿਆਂ ਦੇ ਇਸ ਏਜੰਡੇ ਨੂੰ ਪੰਜਾਬ ਸਮੇਤ ਪੂਰੇ ਦੇਸ਼ ਦੇ ਲੋਕਾਂ ਸਾਹਮਣੇ ਰੱਖਣਗੀਆਂ। 

ਹਾਕਮਾਂ ਦੀਆਂ ਚੋਣ ਖੇਡਾਂ ਤੋਂ ਝਾਕ ਛੱਡ ਕੇ ਇਹਨਾਂ ਮੁੱਦਿਆਂ ਲਈ ਲੋਕ ਸੰਘਰਸ਼ਾਂ ਨੂੰ ਵਿਸ਼ਾਲ, ਤਿੱਖੇ ਤੇ ਤੇਜ਼ ਕਰਨ ਦਾ ਹੋਕਾ ਦੇਣਗੀਆਂ। ਇਸ ਸੰਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਕਾਮਿਆਂ, ਮੁਲਾਜ਼ਮਾਂ, ਠੇਕਾ ਕਾਮਿਆਂ ਤੇ ਵਿਦਿਆਰਥੀਆਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਵੱਲੋਂ ਲਾਏ ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਨੂੰ ਬੁਲੰਦ ਕੀਤਾ ਜਾਵੇਗਾ। 

ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਸਾਰੇ ਲੋਕਾਂ ਦੀਆਂ ਹੱਕੀ ਮੰਗਾਂ ਹਾਕਮਾਂ ਵੱਲੋਂ ਵਿੱਢੇ ਸਾਮਰਾਜੀ ਨੀਤੀਆਂ ਵਾਲੇ ਆਰਥਿਕ-ਸੁਧਾਰਾਂ ਦੇ ਹੱਲੇ ਖ਼ਿਲਾਫ਼ ਬਣਦੀਆਂ ਹਨ। ਚੋਣਾਂ 'ਚ ਉੱਤਰੀਆਂ ਸਭ ਪਾਰਟੀਆਂ ਵਿਕਾਸ ਦੇ ਨਾਂ ਹੇਠ ਸੰਸਾਰ ਵਪਾਰ ਸੰਸਥਾ ਵਰਗੀਆਂ ਸਾਮਰਾਜੀ ਸੰਸਥਾਵਾਂ ਦੀਆਂ ਨੀਤੀਆਂ ਨੂੰ ਹੀ ਲਾਗੂ ਕਰਨ ਦੇ ਐਲਾਨ ਕਰ ਰਹੀਆਂ ਹਨ। 

ਜਦਕਿ ਪਿਛਲੇ ਤਿੰਨ ਦਹਾਕਿਆਂ ਤੋਂ ਇਹੀ ਨੀਤੀਆਂ ਕਿਰਤੀ ਲੋਕਾਂ ਦੀ ਜ਼ਿੰਦਗੀ 'ਚ ਤਬਾਹੀ ਦਾ ਕਾਰਨ ਬਣੀਆਂ ਹੋਈਆਂ ਹਨ। ਉਹਨਾਂ ਦੱਸਿਆ ਕਿ ਲੋਕ ਜਥੇਬੰਦੀਆਂ ਵੱਲੋਂ ਪੇਸ਼ ਕੀਤਾ ਜਾਣ ਵਾਲਾ 30 ਮੁੱਦਿਆਂ ਦਾ ਏਜੰਡਾ ਇਹਨਾਂ ਨੀਤੀਆਂ ਨੂੰ ਰੱਦ ਕਰਨ ਤੇ ਇਹਨਾਂ ਚੋਂ ਨਿਕਲਦੇ ਕਦਮ ਫੌਰੀ ਵਾਪਸ ਲੈਣ ਅਤੇ ਲੋਕਾਂ ਦੀ ਬੇਹਤਰੀ ਲਈ ਬਜਟ ਸੋਮੇ ਜਟਾਉਣ ਦੁਆਲੇ ਕੇਂਦਰਿਤ ਹੋਵੇਗਾ। ਚੋਣਾਂ ਦੇ ਇਸ ਘੜਮੱਸ ਦਰਮਿਆਨ ਇਸ ਲੋਕ ਏਜੰਡੇ ਦੇ ਮੁੱਦਿਆਂ ਨੂੰ ਲੋਕਾਂ ਦੇ ਘਰ ਘਰ ਲੈ ਕੇ ਜਾਣ ਦੀ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। 

ਆਗੂਆਂ ਨੇ ਕਿਹਾ ਐੱਮਐੱਸਪੀ ਦੀ ਕਾਨੂੰਨੀ ਗਰੰਟੀ, ਸਰਕਾਰੀ ਖਰੀਦ ਤੇ ਸਰਬਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ, ਸਾਮਰਾਜੀਆਂ/ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਦੀ ਲੁੱਟ ਤੋਂ ਮੁਕਤ ਕਿਸਾਨ ਮਜ਼ਦੂਰ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਬਣਾਉਣ, ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਤੇ ਠੇਕਾ ਭਰਤੀ ਦੀ ਨੀਤੀ ਰੱਦ ਕਰਨ, ਨਵੇਂ ਕਿਰਤ ਕੋਡ ਰੱਦ ਕਰਨ, ਪੁਰਾਣੀ ਪੈਨਸ਼ਨ ਦਾ ਹੱਕ ਬਹਾਲ ਕਰਨ ਵਰਗੇ ਭਖਵੇਂ ਮੁੱਦਿਆਂ ਤੋਂ ਲੈ ਕੇ ਸਿੱਖਿਆ ਸਿਹਤ ਤੇ ਆਵਾਜਾਈ ਵਰਗੇ ਖੇਤਰਾਂ ਦੇ ਸਰਕਾਰੀਕਰਨ ਦੇ ਕਦਮ ਲੈਣ ਤੱਕ ਦੀ ਲੰਮੀ ਲੜੀ ਦੇ ਮੁੱਦਿਆਂ ਨੂੰ ਉਭਾਰਿਆ ਜਾਵੇਗਾ। ਉਹਨਾਂ ਸਭਨਾਂ ਮਿਹਨਤਕਸ਼ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਮਰਾਜੀ ਹੱਲੇ ਖਿਲਾਫ਼ ਹੋ ਰਹੀ 23 ਮਾਰਚ ਦੀ ਬਰਨਾਲਾ ਕਾਨਫਰੰਸ ਵਿੱਚ ਵਧ ਚੜ੍ਹ ਕੇ ਪੁੱਜਣ।