5 Dariya News

ਪੀ.ਸੀ.ਪੀ.ਐਨ.ਡੀ.ਟੀ. ਜਿਲ੍ਹਾ ਐਡਵਾਈਜ਼ਰੀ ਕਮੇਟੀ ਦੀ ਕੀਤੀ ਮੀਟਿੰਗ

ਗੈਰ ਕਾਨੂੰਨੀ ਭਰੂਣ ਦੇ ਲਿੰਗ ਜਾਂਚ ਕਰਨ/ਕਰਾਉਣ ਵਾਲੇ ਦੀ ਦਿੱਤੀ ਜਾਵੇ ਤੁਰੰਤ ਸੂਚਨਾ: ਡਾ ਕਿਰਪਾਲ ਸਿੰਘ

5 Dariya News

ਸੰਗਰੂਰ 18-Mar-2024

ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ ਅਤੇ ਬੇਟੀ ਬਚਾਓ ਬੇਟੀ ਪੜਾਓ ਦੀ ਜਾਗਰੁਕਤਾ ਲਈ ਜਿਲਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੀ ਅਗਵਾਈ ਵਿਚ ਪੀ.ਸੀ.ਪੀ.ਐਨ.ਡੀ.ਟੀ ਜਿਲ੍ਹਾ ਐਡਵਾਈਜਰੀ ਕਮੇਟੀ ਦੇ ਮੈਬਰਾਂ ਦੀ ਮੀਟੰਗ ਕੀਤੀ ਗਈ। ਇਸ ਮੌਕੇ ਮੀਟਿੰਗ ਵਿੱਚ ਸ਼ਾਮਿਲ ਹੋਏ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ  ਆਮ ਲੋਕਾਂ ਨੂੰ ਕੁੜੀ ਅਤੇ ਮੁੰਡੇ ਵਿੱਚ ਫਰਕ ਨਹੀਂ ਸਮਝਣਾ ਚਾਹੀਦਾ। 

ਇਸ ਮੌਕੇ ਉਨਾਂ ਨੇ ਪੀ.ਸੀ.ਪੀ.ਐਨ.ਡੀ.ਟੀ ਐਕਟ ਦੀ ਉਲਘੰਣਾ ਕਰਕੇ ਭਰੂਣ ਦੇ ਲਿੰਗ ਦੀ ਜਾਂਚ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਦਿੱਤੀਆਂ ਜਾਣ ਵਾਲੀਆ ਸਜਾਵਾਂ ਅਤੇ ਜੁਰਮਾਨੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਡਾ. ਕਿਰਪਾਲ ਸਿੰਘ ਨੇ ਸਮੂਹ ਮੈਂਬਰਾਂ ਨੂੰ ਅੱਜ ਦੇ ਏਜੰਡੇ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ। ਕਮੇਟੀ ਵੱਲੋਂ ਅਜੰਡੇ ਵਿੱਚ ਦਰਜ ਮੁੱਦਿਆਂ ਤੇ ਵਿਸਥਾਰ ਸਹਿਤ ਚਰਚਾ ਕਰਦਿਆਂ ਸਹਿਮਤੀ ਪ੍ਰਗਟ ਕੀਤੀ ਗਈ। 

ਡਾ ਕਿਰਪਾਲ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਵੱਲੋਂ ਭਰੂਣ ਦੇ ਲਿੰਗ ਜਾਂਚ ਕੀਤੀ ਜਾ ਕਰਵਾਈ ਜਾਂਦੀ ਹੈ ਉਸ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਮੁੰਡਾ ਕੁੜੀ ਟੈਸਟ ਕਰਨ ਵਾਲਿਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 50,000 ਰੁਪਏ ਦੀ ਇਨਾਮ ਰਾਸ਼ੀ ਦਿੱਤੀ ਜਾਂਦੀ ਹੈ ਅਤੇ ਜੇਕਰ ਕੋਈ ਗਰਭਵਤੀ ਔਰਤ ਡਿਕਾਏ  ਮਰੀਜ (ਜਾਅਲੀ ਮਰੀਜ) ਬਣ ਕੇ ਲਿੰਗ ਨਿਰਧਾਰਨ ਕਰਨ ਵਾਲਿਆਂ ਨੂੰ ਫੜਨ ਵਿੱਚ ਸਿਹਤ ਵਿਭਾਗ ਦੀ ਮਦਦ ਕਰਦੀ ਹੈ ਤਾਂ ਉਸ ਨੂੰ 1,00000/-ਇਕ ਲੱਖ ਰੁਪਏ ਇਨਾਮ ਰਾਸ਼ੀ ਦਿੱਤੀ ਜਾਂਦੀ ਹੈ। 

ਅਜਿਹੀ ਜਾਣਕਾਰੀ ਦਫ਼ਤਰ ਸਿਵਲ ਸਰਜਨ ਸੰਗਰੂਰ ਦੇ ਨੰਬਰ 01672-234186 ਤੇ ਦੇ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਇਸ ਮੌਕੇ ਲੀਗਲ ਐਡਵਾਈਜ਼ਰ ਲੋਹਿਤ ਗੋਇਲ, ਗਾਇਨੀਕਲੋਜਿਸਟ ਡਾ. ਅਮਨਪ੍ਰੀਤ ਕੌਰ ਖੰਗੂੜਾ, ਡਿਪਟੀ ਐਮ.ਈ.ਆਈ.ਓ. ਸ੍ਰੀਮਤੀ ਸਰੋਜ ਰਾਣੀ, ਜਿਲ੍ਹਾ ਪੀ.ਐਨ.ਡੀ.ਟੀ.ਕੋਆਰਡੀਨੇਟਰ ਹਰਪ੍ਰੀਤ ਸਿੰਘ, ਸਮਾਜ ਸੇਵਕ ਪ੍ਰਿਤਪਾਲ ਸਿੰਘ ਅਤੇ ਪੀ. ਐੱਨ. ਡੀ. ਟੀ. ਅਸਿਸਟੈਂਟ  ਲਖਵੀਰ ਕੌਰ ਹਾਜ਼ਰ ਸਨ।