5 Dariya News

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੜਿਆਲ ਅਤੇ ਖਡਿਆਲ ਵਿਖੇ ਨਵੇਂ ਬਣਨ ਵਾਲੇ 66 ਕੇ.ਵੀ ਗਰਿੱਡ ਸਬ ਸਟੇਸ਼ਨਾਂ ਦਾ ਨੀਂਹ ਪੱਥਰ ਰੱਖਿਆ

ਵੱਡੀ ਗਿਣਤੀ ਪਿੰਡਾਂ ਨੂੰ ਮਿਲੇਗਾ ਲਾਭ, ਬਿਜਲੀ ਸਪਲਾਈ ਵਿੱਚ ਹੋਵੇਗਾ ਵੱਡਾ ਸੁਧਾਰ

5 Dariya News

ਦਿੜ੍ਹਬਾ 16-Mar-2024

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਿੰਡ ਕੜਿਆਲ ਅਤੇ ਖਡਿਆਲ ਵਿਖੇ ਕੇ.ਵੀ ਗਰਿੱਡ ਸਬ-ਸਟੇਸ਼ਨਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਲੋਕਾਂ ਨੂੰ ਪਿੰਡ ਕੜਿਆਲ ਵਿਖੇ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੁਣ ਵੱਡੀ ਗਿਣਤੀ ਪਿੰਡਾਂ ਦੀ ਬਿਜਲੀ ਸਪਲਾਈ ਵਿੱਚ ਵੱਡਾ ਸੁਧਾਰ ਆਵੇਗਾ ਅਤੇ ਇਨ੍ਹਾਂ ਨਵੇਂ 66 ਕੇ.ਵੀ ਗਰਿੱਡ ਸਬ-ਸਟੇਸ਼ਨ ਲਈ 12.5 ਐਮ.ਵੀ.ਏ ਪਾਵਰ ਟਰਾਂਸਫਾਰਮਰ ਸਥਾਪਤ ਕੀਤਾ ਜਾਵੇਗਾ। 

ਉਨ੍ਹਾਂ ਦੱਸਿਆ ਕਿ ਇਸ ਗਰਿੱਡ ਸਬ-ਸਟੇਸ਼ਨ ਦੀ ਉਸਾਰੀ ਲਈ 66 ਕੇ.ਵੀ ਲਾਈਨ 220 ਕੇ.ਵੀ ਗਰਿੱਡ ਸਬ-ਸਟੇਸ਼ਨ ਪਾਤੜਾਂ -ਦਿੜ੍ਹਬਾ ਤੋਂ 3.5 ਕਿਲੋਮੀਟਰ ਲਾਈਨ ਉਸਾਰ ਕੇ ਕੀਤੀ ਜਾਵੇਗੀ ਅਤੇ ਇਸ ਪ੍ਰੋਜੈਕਟ ਤੇ 3.32 ਕਰੋੜ ਦੀ ਲਾਗਤ ਆਵੇਗੀ।ਉਨ੍ਹਾਂ ਕਿਹਾ ਕਿ ਇਹ ਗਰਿੱਡ ਸਬ-ਸਟੇਸ਼ਨ 31 ਦਸੰਬਰ ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਇਸ ਗਰਿੱਡ ਦੇ ਬਣਨ ਨਾਲ਼ 66 ਕੇ.ਵੀ ਗਰਿੱਡ ਦਿੜ੍ਹਬਾ ਅਤੇ ਮੁਨਸ਼ੀਵਾਲਾ ਅਧੀਨ ਆਉਂਦੇ ਪਿੰਡ ਕੜਿਆਲ, ਰਤਨਗੜ੍ਹ ਸਿੰਧੜਾ, ਖੇਤਲਾ, ਧਰਮਗੜ੍ਹ ਛੰਨਾ, ਕਾਕੂਵਾਲਾ, ਕੈਂਪਰ, ਗਾਮੜੀ, ਦਿੜ੍ਹਬਾ ਅਤੇ ਰਾਮਪੁਰ ਛੰਨਾ ਨੂੰ ਲਾਭ ਮਿਲ਼ੇਗਾ।

ਇਸੇ ਤਰ੍ਹਾਂ ਪਿੰਡ ਖਡਿਆਲ ਵਿਖੇ ਨਵਾਂ 66 ਕੇ.ਵੀ ਗਰਿੱਡ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਗਰਿੱਡ ਸਬ-ਸਟੇਸ਼ਨ ਦੀ ਉਸਾਰੀ ਲਈ 66 ਕੇ.ਵੀ ਲਾਈਨ 220 ਕੇ.ਵੀ ਗਰਿੱਡ ਸਬ-ਸਟੇਸ਼ਨ ਬੀ.ਬੀ.ਐਮ.ਬੀ ਸੰਗਰੂਰ-ਪਾਤੜਾ ਲਾਈਨ ਤੋਂ 4.4 ਕਿਲੋਮੀਟਰ ਨਵੀਂ ਲਾਈਨ ਉਸਾਰ ਕੇ ਕੀਤੀ ਜਾਵੇਗੀ ਅਤੇ ਇਸ ਪ੍ਰੋਜੈਕਟ 'ਤੇ 3.58 ਕਰੋੜ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਹ ਗਰਿੱਡ ਸਬ-ਸਟੇਸ਼ਨ 30 ਜੂਨ ਤੱਕ ਬਣ ਕੇ ਮੁਕੰਮਲ ਹੋਣ ਦੀ ਸੰਭਾਵਨਾ ਹੈ ਅਤੇ ਇਸ ਗਰਿੱਡ ਦੇ ਬਣਨ ਨਾਲ਼ 66 ਕੇ.ਵੀ ਗਰਿੱਡ ਸਬ-ਸਟੇਸ਼ਨ ਸੂਲਰ ਘਰਾਟ, ਕੁਲਾਰਾਂ, ਚੱਠਾ ਨੱਨਹੇੜਾ ਅਤੇ ਸੁਨਾਮ ਨੂੰ ਰਾਹਤ ਮਿਲੇਗੀ। 

ਉਨ੍ਹਾਂ ਦਸਿਆ ਕਿ ਇਹ ਗਰਿੱਡ ਬਣਨ ਨਾਲ਼ ਪਿੰਡ, ਖਡਿਆਲ, ਰਟੋਲਾ, ਬਿਸ਼ਨਪੁਰਾ, ਖਡਿਆਲ ਕੋਠੇ, ਮਰਦਖੇੜਾ, ਕੁਲਾਰਾਂ, ਸੂਲਰ ਅਤੇ ਮਹਿਲਾਂ ਪਿੰਡਾਂ ਨੂੰ ਲਾਭ ਮਿਲ਼ੇਗਾ। ਇਸ ਮੌਕੇ ਵਿੱਤ ਮੰਤਰੀ ਦੇ ਓ.ਐਸ.ਡੀ ਤਪਿੰਦਰ ਸਿੰਘ ਸੋਹੀ,ਐਸ.ਡੀ.ਐਮ ਰਾਜੇਸ਼ ਸ਼ਰਮਾ , ਡੀ.ਐਸ.ਪੀ ਪ੍ਰਿਥਵੀ ਸਿੰਘ ਚਹਿਲ, ਇੰਜ: ਰਤਨ ਕੁਮਾਰ ਮਿੱਤਲ ਉਪ ਮੁੱਖ ਇੰਜੀਨੀਅਰ, ਇੰਜ: ਮੁਨੀਸ਼ ਗਰਗ ਵਧੀਕ ਨਿਗਰਾਨ ਇੰਜੀਨੀਅਰ ਦਿੜ੍ਹਬਾ, ਇੰਜ: ਗੁਰਸਰਨ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਸੁਨਾਮ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚ, ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।