5 Dariya News

ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਲਾਜ਼ਮੀ ਵਰਤੋਂ ਕਰੇ- ਡਿਪਟੀ ਕਮਿਸ਼ਨਰ ਪਰਮਵੀਰ ਸਿੰਘ

ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਣ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਣ ਦਾ ਪ੍ਰਣ ਲੈਣ ਨਾਗਰਿਕ-ਪਰਮਵੀਰ ਸਿੰਘ

5 Dariya News

ਮਾਨਸਾ 13-Mar-2024

ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਲਾਜ਼ਮੀ ਵਰਤੋਂ ਕਰੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਵਿਖੇ ਸਵੀਪ ਮੁਹਿੰਮ ਤਹਿਤ ਕਰਵਾਏ ਪੋਸਟਰ, ਸਲੋਗਨ ਅਤੇ ਕੁਇੱਜ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨਾਲ ਐਸ.ਡੀ.ਐਮ. ਮਾਨਸਾ ਸ੍ਰੀ ਮਨਜੀਤ ਸਿੰਘ ਰਾਜਲਾ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਲੋਕਤੰਤਰ ਪ੍ਰਣਾਲੀ ਵਿਚ ਵੋਟ ਦੀ ਬਹੁਤ ਵੱਡੀ ਅਹਿਮੀਅਤ ਹੈ। ਸਾਨੂੰ ਸਭ ਨੂੰ ਇਸ ਅਧਿਕਾਰ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਰ ਨਾਗਰਿਕ ਨੂੰ ਵੋਟ ਬਣਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਵੋਟਿੰਗ ਪ੍ਰਤੀਸ਼ਤਤਾ ਦਰਜ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰਿਆਂ ਅੰਦਰ ਵੋਟਰ ਜਾਗਰੂਕਤਾ ਮੁਹਿੰਮ ਦੀ ਬਹੁਤ ਅਹਿਮ ਲੋੜ ਹੁੰਦੀ ਹੈ, ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਮਾਜ ਨੂੰ ਵੋਟ ਦੇ ਅਧਿਕਾਰ ਤੋਂ ਜਾਣੂ ਕਰਵਾ ਸਕਣ।

ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਬਗੈਰ ਕਿਸੇ ਲਾਲਚ ਦੇ ਆਪਣੀ ਸਮਝ ਅਨੁਸਾਰ ਵੋਟ ਦੇ ਹੱਕ ਦੀ ਵਰਤੋਂ ਕਰੇ। ਉਨ੍ਹਾਂ ਕਿਹਾ ਕਿ ਸਾਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਣ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਣ ਦਾ ਪ੍ਰਣ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਦੇ ਸਵਾਲਾਂ ਜਵਾਬ ਦਿੰਦਿਆਂ ਉਨ੍ਹਾਂ ਦੇ ਗਿਆਨ ਵਿਚ ਵਾਧਾ ਕੀਤਾ।

ਕਾਲਜ ਦੇ ਪ੍ਰਿੰਸੀਪਲ ਡਾ. ਪ੍ਰੀਤੀ ਬਾਂਸਲ ਨੇ ਵੋਟਰ ਜਾਗਰੂਕਤਾ ਗਤੀਵਿਧੀਆਂ ਪ੍ਰਤੀ ਕਾਲਜ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਹਲਕਾ ਸਵੀਪ ਨੋਡਲ ਅਫਸਰ ਸ੍ਰ. ਜਗਜੀਵਨ ਸਿੰਘ ਆਲੀਕੇ ਨੇ ਵਿਦਿਆਥੀਆਂ ਨੂੰ ਆਪਣੇ ਪਰਿਵਾਰ ਅਤੇ ਆਂਢ- ਗੁਆਂਢ ਦੀਆਂ 100 ਫ਼ੀਸਦੀ ਵੋਟਾਂ ਦੀ ਵਰਤੋਂ ਯਕੀਨੀ ਬਣਾਉਣ ਲਈ ਕਿਹਾ। ਕਾਲਜ ਦੇ ਸਵੀਪ ਇੰਚਾਰਜ ਡਾ. ਕਿਰਨ ਬਾਲਾ ਨੇ ਸਭਨਾਂ ਦਾ ਧੰਨਵਾਦ ਕੀਤਾ।

ਕੁਇਜ ਮੁਕਾਬਲੇ ਵਿੱਚ ਪ੍ਰਿਆ, ਅਮਰਪ੍ਰੀਤ ਵਰਮਾ ਨੇ ਪਹਿਲਾ, ਸੁਮਨਦੀਪ ਕੌਰ ਤੇ ਪ੍ਰੇਮ ਲਤਾ ਨੇ ਦੂਸਰਾ ਅਤੇ ਮੁਕਤਾ ਤੇ ਗਗਨਦੀਪ ਕੌਰ ਨੇ ਤੀਜਾ, ਸਲੋਗਨ ਮੁਕਾਬਲੇ ਵਿੱਚ ਗੁਰਪ੍ਰੀਤ ਕੌਰ ਨੇ ਪਹਿਲਾ, ਨਵਜੋਤ ਕੌਰ ਨੇ ਦੂਸਰਾ ਅਤੇ ਸੁਰਿੰਦਰ ਕੌਰ ਨੇ ਤੀਸਰਾ, ਪੋਸਟਰ ਮੁਕਾਬਲੇ ਵਿੱਚ ਲਵਪ੍ਰੀਤ ਕੌਰ ਨੇ ਪਹਿਲਾ, ਸਿਮਰਨਦੀਪ ਕੌਰ ਨੇ ਦੂਜਾ, ਸੁਖਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।  ਇਸ ਮੌਕੇ ਮੁਕਾਬਲਿਆਂ ਵਿੱਚੋਂ ਪਹਿਲੀ ਦੂਜੀ ਅਤੇ ਤੀਜੀ ਪੁਜੀਸ਼ਨਾ ਪ੍ਰਾਪਤ ਬੱਚਿਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ ਅਤੇ ਸਮੂਹ ਪ੍ਰਤਿਯੋਗੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।

ਇਸ ਮੌਕੇ ਡਾ. ਬਲਮ ਲੀਬਾਂ,  ਚੋਣ ਕਾਨੂੰਗੋ ਅਮਨਦੀਪ ਸਿੰਘ, ਸਹਾਇਕ ਸਵੀਪ ਨੋਡਲ ਅਫਸਰ ਨਰੰਜਣ ਸਿੰਘ, ਪ੍ਰੋ. ਅਨੂ, ਪ੍ਰੋ, ਭਾਰਤੀ ਮਾਰਵਾੜੀ, ਪ੍ਰੋ. ਦਿਵਿਆਨੀ, ਪ੍ਰੋ, ਰਮਨਦੀਪ ਕੌਰ, ਪ੍ਰੋ. ਭਾਵਿਕਾ, ਮੁਨੀਸ਼ ਕੁਮਾਰ ਹਾਜ਼ਰ ਸਨ।