5 Dariya News

ਕਿਸਾਨ-ਮਜਦੂਰ ਮਹਾਂਪੰਚਾਇਤ ਦੀਆਂ ਤਿਆਰੀਆਂ ਅੰਤਿਮ ਪੜਾਅ ਵੱਲ

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਬਲਾਕ ਮਹਿਲਕਲਾਂ ਦੇ ਪਿੰਡਾਂ 'ਚ ਮੀਟਿੰਗਾਂ ਦਾ ਦੌਰ ਜਾਰੀ

5 Dariya News

ਮਹਿਲਕਲਾਂ 11-Mar-2024

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਐਸਕੇਐਮ ਦੇ ਸੱਦੇ ਤੇ 14 ਮਾਰਚ ਨੂੰ ਦਿੱਲੀ ਵਿਖੇ ਹੋ ਰਹੀ ਕਿਸਾਨ-ਮਜਦੂਰ  ਮਹਾਂ ਪੰਚਾਇਤ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਅੱਜ ਬਲਾਕ ਮਹਿਲ ਕਲਾਂ ਬਲਾਕ ਦੇ ਮੂੰਮ, ਗਹਿਲ, ਸੋਹੀਆਂ, ਦੀਵਾਨਾ, ਛੀਨੀਵਾਲ ਖੁਰਦ, ਬੀਹਲਾ ਖੁਰਦ, ਧਨੇਰ, ਕਲਾਲਮਾਜਰਾ, ਮਹਿਲਕਲਾਂ ਆਦਿ ਪਿੰਡਾਂ ਵਿੱਚ  ਬੱਝਵਾਂ ਪ੍ਰਚਾਰ ਕਰਕੇ 14 ਮਾਰਚ ਨੂੰ ਰਾਮ ਲੀਲਾ ਮੈਦਾਨ ਦਿੱਲੀ ਵਿਖੇ ਹੋ ਰਹੀ ਕਿਸਾਨ-ਮਜਦੂਰ ਮਹਾਂ ਪੰਚਾਇਤ ਵਿੱਚ ਸ਼ਮੂਲੀਅਤ ਕਰਨ ਲਈ ਲਾਮਬੰਦ ਕੀਤਾ ਗਿਆ।

ਇਨ੍ਹਾਂ ਪਿੰਡਾਂ ਵਿੱਚ ਕੀਤੀਆਂ ਗਈਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ ਅਤੇ  ਸਤਨਾਮ ਸਿੰਘ ਮੂੰਮ ਨੇ ਕਿਹਾ ਕਿ ਮੋਦੀ ਹਕੂਮਤ ਸਾਮਰਾਜੀ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਆਕੇ ਕਿਸਾਨਾਂ ਦੀ ਸਾਰੀਆਂ ਫ਼ਸਲਾਂ ਤੇ ਐਮ ਐਸ ਪੀ ਦੇਣ ਦੀ ਮੰਗ ਨੂੰ ਮੰਨਣ ਤੋਂ ਇਨਕਾਰੀ ਹੋ ਰਹੀ ਹੈ।‌ ਹਾਲਾਂ ਕਿ ਖੁਦ ਹੀ ਸਰਕਾਰਾਂ ਨੇ ਡਾ ਸਵਾਮੀਨਾਥਨ ਕਮਿਸ਼ਨ ਸਥਾਪਤ ਕੀਤਾ ਅਤੇ ਆਪਣੇ ਚੋਣ ਮੈਨੀਫੈਸਟੋ ਵਿੱਚ ਇਸ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ। ਸਰਕਾਰਾਂ ਦੀਆਂ ਕਿਸਾਨ-ਮਜਦੂਰ ਵਿਰੋਧੀ ਨੀਤੀਆਂ ਕਾਰਨ ਹੀ ਕਿਸਾਨ-ਮਜਦੂਰ ਖ਼ੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ। 

ਖ਼ੁਦਕੁਸ਼ੀਆਂ ਦਾ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਪਰ ਐਸਕੇਐਮ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸ਼ੁਰੂ ਕੀਤੇ ਮੋਰਚੇ ਨੂੰ ਜ਼ਬਰ ਨਾਲ ਕੁਚਲਿਆ ਜਾ ਰਿਹਾ ਹੈ। ਭਾਕਿਯੂ ਏਕਤਾ (ਡਕੌਂਦਾ) ਅਤੇ ਹੋਰ ਕਿਸਾਨ ਜਥੇਬੰਦੀਆਂ ਮੋਦੀ ਹਕੂਮਤ ਦੇ ਇਸ ਜਾਬਰ ਰਵੱਈਏ ਖ਼ਿਲਾਫ਼ 14 ਫਰਬਰੀ ਤੋਂ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਹਨ। 

ਬੁਲਾਰੇ ਆਗੂਆਂ ਜੀਤ ਸਿੰਘ, ਸੁਰਜੀਤ ਸਿੰਘ, ਗੁਰਦਾਸ ਸਿੰਘ, ਜਸਵੀਰ ਸਿੰਘ, ਸੁਖਜੀਤ ਸਿੰਘ, ਪਾਲ ਸਿੰਘ, ਗੁਰਮੇਲ ਸਿੰਘ ਛੀਨੀਵਾਲ ਖੁਰਦ, ਭਿੰਦਰ ਸਿੰਘ ਮੂੰਮ, ਸੁਖਵਿੰਦਰ ਸਿੰਘ, ਕਰਮਜੀਤ ਸਿੰਘ ਕਲਾਲਮਾਜਰਾ, ਗੁਰਜੀਤ ਸਿੰਘ ਧਨੇਰ, ਜੀਤ ਸਿੰਘ ਹਰਦਾਸਪੁਰਾ, ਜਗਰੂਪ ਸਿੰਘ ਗਹਿਲ, ਜਸਵਿੰਦਰ ਜੱਸਾ ਗਹਿਲ, ਕੁਲਵਿੰਦਰ ਕਿੰਦਾ ਧਨੇਰ, ਸੁਖਵਿੰਦਰ ਸਿੰਘ ਧਨੇਰ, ਜੱਗਾ ਸਿੰਘ, ਸ਼ਮਸ਼ੇਰ ਸਿੰਘ ਮਹਿਲਕਲਾਂ ਆਦਿ ਆਗੂਆਂ ਨੇ 14 ਮਾਰਚ ਨੂੰ ਕਾਫ਼ਲੇ ਬੰਨ੍ਹ ਕੇ ਕਿਸਾਨ -ਮਜਦੂਰ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਆਗੂਆਂ ਨੇ ਪੁਲਿਸ ਵੱਲੋਂ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਨ, ਗ੍ਰਿਫਤਾਰੀਆਂ ਕਰਨ ਅਤੇ ਦਫਤਰ ਨੂੰ ਤਾਲੇ ਲਾਉਣ ਦੀ ਨਿਖੇਧੀ ਕਰਦਿਆਂ, ਗ੍ਰਿਫ਼ਤਾਰ ਕੀਤੇ ਮਜ਼ਦੂਰ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ। ਆਗੂਆਂ ਇਹ ਵੀ ਦੱਸਿਆ ਕਿ ਦਿੱਲੀ ਜਾਣ ਲਈ ਕਾਫ਼ਲੇ 13 ਮਾਰਚ ਨੂੰ ਰੇਲ ਗੱਡੀਆਂ ਰਾਹੀਂ ਰਵਾਨਾ ਹੋਣਗੇ।