5 Dariya News

ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ : ਅਨਮੋਲ ਗਗਨ ਮਾਨ

ਜੰਡਪੁਰ ਦੇ ਕਬੱਡੀ ਮੇਲੇ ਚ ਪ੍ਰਬੰਧਕਾਂ ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ*

5 Dariya News

ਖਰੜ 10-Mar-2024

ਪੰਜਾਬ ਦੇ ਸੈਰਕ ਸਪਾਟਾ, ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਮਹਿਮਾਨਨਿਵਾਜ਼ੀ ਅਤੇ ਕਿਰਤ ਮੰਤਰੀ ਅਨਮੋਲਕ ਗਗਨ ਮਾਨ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਯਤਨਸ਼ੀਲ ਹੈ। ਇਸੇ ਲਈ ਪੰਜਾਬ ਚ ਖੇਡਾਂ ਵਤਨ ਪੰਜਾਬ ਦਾ ਆਯੋਜਨ ਕਰਕੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 

ਅੱਜ ਪਿੰਡ ਜੰਡਪੁਰ ਦੇ ਕਬੱਡੀ ਮੇਲੇ ਮੌਕੇ ਪ੍ਰਬੰਧਕਾਂ ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਪੁੱਜੇ ਕੈਬਨਿਟ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਇਸ ਵਿੱਤੀ ਵਰ੍ਹੇ ਦੌਰਾਨ 14,728 ਖਿਡਾਰੀਆਂ ਨੂੰ 54 ਕਰੋੜ ਰੁਪਏ ਦੀ ਨਗਦ ਇਨਾਮ ਰਾਸ਼ੀ ਅਤੇ 11 ਉੱਘੇ ਖਿਡਾਰੀਆਂ ਨੂੰ ਪੀਸੀਐਸ/ਡੀਐਸਪੀ ਦੀਆਂ ਨੌਕਰੀਆਂ ਦੇ ਕੇ ਭਗਵੰਤ ਮਾਨ ਸਰਕਾਰ ਨੇ ਖੇਡਾਂ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ। 

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਧਾਨ ਚ ਹਾਲ ਹੀ ਵਿੱਚ ਪੇਸ਼ ਬਜਟ ਦੌਰਾਨ ਖੇਡਾਂ ਲਈ 272 ਕਰੋੜ ਰੁਪਏ ਰੱਖੇ ਗਏ ਹਨ। ਸੂਬੇ ਵਿੱਚ ਕੁੱਲ 1000 ਖੇਡ ਨਰਸਰੀਆਂ ਬਣਾਈਆਂ ਜਾਣੀਆਂ ਹਨ ਅਤੇ ਪ੍ਰਤੀ ਨਰਸਰੀ 60 ਖਿਡਾਰੀਆਂ ਦੇ ਹਿਸਾਬ ਨਾਲ ਕੁੱਲ 60000 ਖਿਡਾਰੀਆਂ ਦੀ ਕੋਚਿੰਗ, ਡਾਈਟ ਅਤੇ ਖੇਡ ਸਮਾਨ ਦਾ ਪ੍ਰਬੰਧ ਸਰਕਾਰ ਕਰੇਗੀ। ਪਹਿਲੇ ਪੜਾਅ ਵਿੱਚ ਸਥਾਪਤ ਕੀਤੀਆਂ ਜਾਣ ਵਾਲੀਆਂ 250 ਨਰਸਰੀਆਂ ਲਈ ਅੱਜ ਬਜਟ ਵਿੱਚ 50 ਕਰੋੜ ਰੁਪਏ ਰੱਖੇ ਗਏ ਹਨ। 

ਇਸੇ ਤਰਾਂ ਸੀਨੀਅਰ ਤੇ ਜੂਨੀਅਰ ਪੱਧਰ ਉੱਤੇ ਨੈਸ਼ਨਲ ਮੈਡਲ ਜੇਤੂ ਖਿਡਾਰੀਆਂ ਨੂੰ ਕ੍ਰਮਵਾਰ 16000 ਰੁਪਏ ਤੇ 12000 ਰੁਪਏ ਦੇਣ ਲਈ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਲਈ ਮੌਜੂਦਾ ਬਜਟ ਵਿੱਚ ਫੰਡ ਰੱਖਣ ਨਾਲ ਨਵੇਂ ਵਿੱਤੀ ਸਾਲ ਤੋਂ ਇਹ ਵੱਕਾਰੀ ਸਕੀਮ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਖੁਸ਼ੀ, ਸੁਲਤਾਨ ਤੇ ਅਰਸ਼ ਜਿਹੇ ਕਬੱਡੀ ਦੇ ਕੌਮਾਂਤਰੀ ਖਿਡਾਰੀਆਂ ਨੂੰ ਜੰਡਪੁਰ ਦੇ ਕਬੱਡੀ ਮੇਲੇ ਚ ਦੇਖ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। 

ਉਨ੍ਹਾਂ ਕਿਹਾ ਕਿ ਕਬੱਡੀ ਸਾਡੀ ਮਾਂ ਖੇਡ ਹੈ, ਸਾਡੀ ਸ਼ਾਨ ਹੈ, ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਰਹਿਣ ਲਈ ਪ੍ਰੇਰਦੀ ਹੈ। ਸ਼ਾਨਦਾਰ ਕਬੱਡੀ ਮੇਲੇ ਲਈ ਹਰਪ੍ਰੀਤ ਤੇ ਸਮੂਹ ਪ੍ਰਬੰਧਕਾਂ ਨੂੰ ਵਧਾਈ ਦਿਤੀ ਤੇ ਅਗਲੇ ਸਾਲ ਇਸ ਤੋਂ ਵੀ ਦੂਣਾ ਮੇਲਾ ਕਰਵਾਉਣ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਗਪਗ 85 ਲੱਖ ਰੁਪਏ ਦੇ ਕੰਮ ਪਿੰਡ ਜੰਡਪੁਰ ਦੇ ਵਿਕਾਸ ਲਈ ਕਰਵਾਏ ਜਾ ਚੁੱਕੇ ਹਨ। 

ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਚ 1.60 ਕਰੋੜ ਦੇ ਹੋਰ ਟੈਂਡਰ ਲੱਗਣ ਜਾ ਰਹੇ ਹਨ। ਪਿੰਡ ਚ 20 ਲੱਖ ਰੁਪਏ ਦਾ ਓਪਨ ਜਿੰਮ ਬਣੇਗਾ ਤਾਂ ਜੋ ਨੌਜੁਆਨਾਂ ਚ ਖੇਡਾਂ ਦਾ ਜੋਸ਼ ਮੱਠਾ ਨਾ ਪਵੇ। ਉਨ੍ਹਾਂ ਕਿਹਾ ਜੰਡਪੁਰ ਨੇੜਲੇ ਪਿੰਡ ਚੰਦੋ ਗੋਬਿੰਦਗੜ੍ਹ ਚ ਸਟੇਡੀਅਮ ਬਣ ਕੇ ਤਿਆਰ ਹੈ, ਜਿਸ ਦਾ ਜੰਡਪੁਰ ਦੇ ਖਿਡਾਰੀਆਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਵਾਅਦਾ ਕੀਤਾ ਕਿ ਜੰਡਪੁਰ ਪਿੰਡ ਨੂੰ ਪਹਿਲ ਦੇ ਆਧਾਰ ਤੇ ਆਮ ਆਦਮੀ ਕਲੀਨਿਕ ਮਿਲੇਗਾ। ਉਨ੍ਹਾਂ ਕਬੱਡੀ ਮੇਲਾ ਕਰਵਾਉਣ ਵਾਲੀ ਕਮੇਟੀ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣ ਵੀ ਮੌਜੂਦ ਸਨ।