5 Dariya News

ਪੰਜਾਬ ਦੀਆਂ ਛੇ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕਿਸਾਨਾਂ ਨੇ ਜਗਰਾਓਂ 'ਚ ਚਾਰ ਘੰਟੇ ਰੇਲਾਂ ਰੋਕੀਆਂ

14 ਮਾਰਚ ਨੂੰ ਦਿੱਲੀ ਮਹਾਂਪੰਚਾਇਤ ਚ ਵੱਡੀ ਗਿਣਤੀ ਪੰਹੁਚਣ ਦਾ ਕੀਤਾ ਐਲਾਨ

5 Dariya News

ਜਗਰਾਓਂ 10-Mar-2024

ਪੰਜਾਬ ਦੀਆਂ ਛੇ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਖਿਲਾਫ ਜਗਰਾਂਓ ਰੇਲਵੇ ਸਟੇਸ਼ਨ ਤੇ ਚਾਰ ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਕਿਸਾਨਾਂ ਨੇ ਇਸ ਰੇਲ ਜਾਮ ਐਕਸ਼ਨ 'ਚ ਭਾਗ ਲਿਆ। 

ਇਸ ਸਮੇਂ ਹੋਈ ਵੱਡੀ ਇਕਤਰਤਾ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ ਬਲਾਕ ਪ੍ਰਧਾਨ, ਰਛਪਾਲ ਸਿੰਘ ਡੱਲਾ, ਸੁਰਜੀਤ ਸਿੰਘ ਦਾਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਜਸਵੰਤ ਸਿੰਘ ਭੱਟੀਆਂ, ਜਬਰਾਜ ਸਿੰਘ ਘੁਡਾਣੀ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂਆਂ ਜਸਪ੍ਰੀਤ ਸਿੰਘ ਢੱਟ, ਤਲਵਿੰਦਰ ਸਿੰਘ ਹਲਵਾਰਾ, ਜਗਦੀਸ਼ ਸਿੰਘ ਕਾਉਂਕੇ ਅਤੇ ਲੋਕ ਆਗੂ ਕੰਵਲਜੀਤ ਖੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਦਿੱਲੀ ਜਾਂਦੇ ਕਿਸਾਨਾਂ ਦਾ ਰਾਹ ਰੋਕ ਕੇ ਮੋਦੀ ਦੀ ਭਾਜਪਾ ਹਕੂਮਤ ਨੇ ਫਾਸ਼ੀਵਾਦੀ ਹਕੂਮਤ ਹੋਣ ਤੇ ਇਕ ਵੇਰ ਫਿਰ ਮੋਹਰ ਲਾ ਦਿੱਤੀ ਹੈ। 

ਸ਼ੁਭਕਰਣ ਸਿੰਘ ਤੇ ਪਿਰਤਪਾਲ ਸਿੰਘ ਦੀ ਪੁਲਸ ਜਬਰ ਨਾਲ ਹੋਈ ਮੋਤ ਨੇ ਦੇਸ਼ ਦੇ ਇਨਸਾਫਪਸੰਦ ਲੋਕਾਂ ਲਈ ਇਕ ਵੇਰ ਫਿਰ ਵੱਡੀ ਚੁਣੋਤੀ ਖੜੀ ਕੀਤੀ ਹੈ ਜਿਸ ਦਾ ਮੁੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਦੂਨੀਆਂ ਦੀ ਤੀਜੀ ਵੱਡੀ ਆਰਥਿਕਤਾ ਦਾ ਪਾਖੰਡ ਕਰਨ ਵਾਲੇ ਮੋਦੀ ਦੇ ਰਾਜ ਚ ਕਰਜੇ ਦੇ ਜੰਜਾਲ ਚ ਫਸੀ ਕਿਸਾਨੀ ਖੁਦਕਸ਼ੀਆਂ ਕਰ ਰਹੀ ਹੈ ਤੇ ਸੰਸਾਰ ਵਪਾਰ ਸੰਸਥਾਂ ਚ ਵਡੇ ਸਾਮਰਾਜੀ ਕਾਰਪੋਰੇਟ ਵਿਕਾਸਸ਼ੀਲ ਦੇਸ਼ਾਂ ਦੀ ਆਰਥਿਕਤਾ ਤੇ ਕਬਜਾ ਕਰਨ ਲਈ ਫਿਰ ਪੱਬਾਂ ਭਾਰ ਹਨ। 

ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਸੰਸਾਰ ਵਪਾਰ ਸੰਸਥਾਂ ਚੋਂ ਬਾਹਰ ਆਵੇ। ਤੇਈ ਫਸਲਾਂ ਤੇ ਐਮ ਐਸ ਪੀ ਦੀ ਗਰੰਟੀ ਕਰੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ। ਨਵੀਂ ਖੇਤੀ ਨੀਤੀ ਦਾ ਐਲਾਨ ਕਰੇ, ਮਜਦੂਰਾਂ ਕਿਸਾਨਾਂ ਦੇ ਸਿਰ ਚੜੇ ਸਾਰੇ ਕਰਜੇ ਰੱਦ ਕਰੇ, ਬਿਜਲੀ ਐਕਟ 2020 ਰੱਦ ਕਰੇ, ਚਿਪ ਵਾਲੇ ਮੀਟਰ ਲਾਉਣੇ ਬੰਦ ਕਰੇ। ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ 14 ਮਾਰਚ ਨੂੰ ਦੇਸ਼ ਭਰ ਦੇ ਕਿਸਾਨਾਂ ਦੀ ਦਿੱਲੀ ਵਿਖੇ ਹੋ ਰਹੀ ਮਹਾਂਪੰਚਾਇਤ ਚ  ਵੱਡੀ ਗਿਣਤੀ ਚ ਕਿਸਾਨ ਪੰਜਾਬ ਸਮੇਤ ਲੁਧਿਆਣੇ ਜਿਲੇ ਚੋਂ ਸ਼ਾਮਲ ਹੋਣਗੇ। 

ਚਾਰ ਘੰਟੇ ਚੱਲੇ ਚੱਕਾ ਜਾਮ ਰਾਹੀਂ ਮੋਦੀ ਹਕੂਮਤ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਜੇ ਰੇਲਾਂ ਦਾ ਚੱਕਾ ਜਾਮ ਹੋ ਸਕਦਾ ਹੈ ਤਾਂ ਸਰਕਾਰ ਵੀ ਦੇਸ਼ ਭਰ ਦੇ ਕਿਸਾਨ ਜਾਮ ਕਰ ਦੇਣਗੇ। ਇਸ ਸਮੇਂ ਜਗਜੀਤ ਸਿੰਘ ਕਲੇਰ, ਇੰਦਰਜੀਤ ਸਿੰਘ ਹਾਕਮ ਰਾਏ, ਚਮਕੌਰ ਸਿੰਘ ਚਚਰਾੜੀ, ਪਰਵਾਰ ਸਿੰਘ ਗਾਲਬ, ਪ੍ਰੇਮ ਸਿੰਘ ਬੁਚਕਰ,ਬਹਾਦਰ ਸਿੰਘ ਲੱਖਾ, ਜਸਵਿੰਦਰ ਸਿੰਘ ਭਮਾਲ ਆਦਿ ਆਗੂ ਹਾਜ਼ਰ ਸਨ।