ਬੀਕੇਯੂ ਡਕੌਂਦਾ ਨੇ ਔਰਤ ਦਿਵਸ ਨੂੰ 'ਔਰਤ ਮੁਕਤੀ ਦਿਵਸ' ਵਜੋਂ ਮਨਾਇਆ
5 Dariya News
ਜਗਰਾਓਂ/ਲੁਧਿਆਣਾ 08-Mar-2024
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਗਾਲਬ ਕਲਾਂ ਵਿਖੇ 8 ਮਾਰਚ ਦਾ ਦਿਨ ਔਰਤ ਮੁਕਤੀ ਦਿਵਸ ਵਜੋਂ ਮਨਾਇਆ ਗਿਆ। ਯੂਨੀਅਨ ਦੀ ਇਕਾਈ ਪਰਧਾਨ ਸੁਖਵੰਤ ਕੌਰ ਦੀ ਅਗਵਾਈ 'ਚ ਇਕੱਤਰ ਵੱਡੀ ਗਿਣਤੀ ਔਰਤਾਂ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਔਰਤ ਦਿਵਸ ਦੇ ਇਤਿਹਾਸ, ਅੱਜ ਦੇ ਸਮੇਂ ਚ ਔਰਤ ਦਿਵਸ ਦੀ ਸਾਰਥਿਕਤਾ, ਮੌਜੂਦਾ ਸਮੇਂ 'ਚ ਔਰਤ ਵਰਗ ਦੀ ਹਾਲਤ ਅਤੇ ਦਰਪੇਸ਼ ਚੁਣੌਤੀਆਂ ਆਦਿ ਮੁੱਦਿਆਂ ਤੇ ਖੁੱਲ੍ਹ ਕੇ ਵਿਚਾਰਾਂ ਹੋਈਆਂ।
ਉਨ੍ਹਾਂ ਨੇ ਇਕੱਤਰ ਔਰਤਾਂ ਨਾਲ ਸਿੱਧਾ ਸੰਵਾਦ ਰਚਾਉਂਦਿਆਂ ਕਿਹਾ ਕਿ ਅਜੋਕੇ ਸਰਮਾਏਦਾਰੀ ਦੌਰ 'ਚ ਵੀ ਔਰਤ ਇਕ ਵਸਤੂ ਬਣਾ ਦਿੱਤੀ ਗਈ ਹੈ। ਦੂਹਰੀ ਗ਼ੁਲਾਮੀ ਦਾ ਸ਼ਿਕਾਰ ਔਰਤ ਸਦੀਆਂ ਤੋਂ ਦਾਬੇ ਤੇ ਜ਼ਬਰ ਦਾ ਸ਼ਿਕਾਰ ਹੋ ਤੜਫਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤ ਨੂੰ ਬਲਾਤਕਾਰ, ਤਲਾਕ, ਜਬਰ ਇਕ ਆਮ ਵਰਤਾਰਾ ਹੈ। ਔਰਤ ਨੂੰ ਮਹਿਜ ਭੋਗਣ ਤੇ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਮਝਣ ਵਾਲੀ ਮਾਨਸਿਕਤਾ ਖ਼ਿਲਾਫ਼ ਅੋਰਤਾਂ ਨੂੰ ਚੇਤੰਨ ਮਰਦ ਵਰਗ ਨੂੰ ਨਾਲ ਲ਼ੈ ਕੇ ਜਮਾਤੀ ਲੜਾਈ ਦਾ ਹਿੱਸਾ ਬਨਣਾ ਹੋਵੇਗਾ।
ਉਨ੍ਹਾਂ ਲੁਟੇਰੇ ਨਿਜ਼ਾਮ ਵਿਰੁੱਧ ਸਾਂਝੀ ਲੜਾਈ 'ਚ ਮੋਹਰੀ ਥਾਂ ਹਾਸਲ ਕਰਨੀ ਹੌਵੇਗੀl ਇਸ ਸਮੇਂ ਬਿਲਕਸ ਬਾਨੋ ਕੇਸ, ਮਣੀਪੁਰ ਕੇਸ ਆਦਿ ਮਾਮਲਿਆਂ ਦੀ ਚਰਚਾ ਕਰਦਿਆਂ ਮੋਦੀ ਹਕੁਮਤ ਦਾ ਪਰਦਾਫਾਸ਼ ਕੀਤਾ। ਇਸ ਸਮੇਂ ਕਿਸਾਨੀ ਸੰਘਰਸ਼ ਦੀ ਮੌਜੂਦਾ ਹਾਲਤ ਬਾਰੇ ਵੀ ਵਿਚਾਰਚਰਚਾ ਕੀਤੀ। ਇਸ ਮੌਕੇ ਪ੍ਰਧਾਨ ਸੁਖਵੰਤ ਕੌਰ, ਸਕੱਤਰ ਹਰਬੰਸ ਕੌਰ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ, ਹਰਜਿੰਦਰ ਕੌਰ, ਮਨਦੀਪ ਕੌਰ, ਬਲਦੇਵ ਕੌਰ, ਕੁਲਵੰਤ ਕੌਰ ਅਤੇ ਬਲਜੀਤ ਕੌਰ ਆਦਿ ਹਾਜ਼ਰ ਸਨ। ਇਸ ਸਮੇਂ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ,ਪਰਮਿੰਦਰ ਸਿੰਘ ਪਿੰਕਾ ਨੇ ਔਰਤ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿਤਾ।