5 Dariya News

ਬਦਲਾਅ ਵਾਲੀ ਸਰਕਾਰ ਨੇ ਬਿਜਲੀ ਨਿਗਮ ਨੂੰ ਲਿਆਂਦਾ ਮੁਨਾਫੇ ਵਿੱਚ : ਹਰਭਜਨ ਸਿੰਘ ਈਟੀਓ

ਲੋਕ ਨਿਰਮਾਣ ਮੰਤਰੀ ਵੱਲੋਂ ਫਾਜ਼ਿਲਕਾ-ਹਿੰਦੂਮਲਕੋਟ ਰੋਡ ਤੇ ਨਵੀਨੀਕਰਨ ਦੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ

5 Dariya News

ਫਾਜ਼ਿਲਕਾ 08-Mar-2024

ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮਹਿਕਮੇ ਦੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਫਾਜ਼ਿਲਕਾ ਹਿੰਦੂ ਮਲ ਕੋਟ ਸੜਕ ਦੇ ਨਵੀਨੀਕਰਨ ਦੇ ਪ੍ਰੋਜੈਕਟ ਦਾ ਸ਼ਤੀਰ ਵਾਲਾ ਵਿਖੇ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੀ ਵਿਸੇਸ਼ ਤੌਰ ਤੇ ਹਾਜਰ ਸਨ।

ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਜੋ ਇੱਕ ਨਵੇਂ ਬਦਲਾਅ ਦੀ ਉਮੀਦ ਦੇ ਕੇ ਲੋਕਾਂ ਵਿੱਚ ਆਈ ਹੈ ਵੱਲੋਂ ਬਦਲਾਅ ਨੂੰ ਹਕੀਕਤ ਰੂਪ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਰਾਜ ਦੇ ਸਾਰੇ ਘਰੇਲੂ ਉਪਭੋਗਤਾਵਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਅਤੇ ਖੇਤੀ ਨੂੰ ਮੁਫਤ ਬਿਜਲੀ ਦੀ ਸਹੂਲਤ ਜਾਰੀ ਰੱਖਣ ਦੇ ਬਾਵਜੂਦ ਸੂਬਾ ਸਰਕਾਰ ਦੇ ਕੁਸ਼ਲ ਪ੍ਰਬੰਧਨ ਨਾਲ ਬਿਜਲੀ ਨਿਗਮ ਨੂੰ ਪਿਛਲੇ ਸਾਲ 772 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ।

ਉਨਾਂ ਨੇ ਕਿਹਾ ਕਿ ਇਸ ਵੇਲੇ 90 ਫੀਸਦੀ ਤੋਂ ਜਿਆਦਾ ਘਰਾਂ ਦੇ ਬਿਜਲੀ ਦੇ ਬਿੱਲ ਜੀਰੋ ਆ ਰਹੇ ਹਨ। ਉਹਨਾਂ ਨੇ ਕਿਹਾ ਕਿ ਅਜਿਹਾ ਪਾਰਦਰਸ਼ੀ ਅਤੇ ਇਮਾਨਦਾਰ ਤਰੀਕੇ ਨਾਲ ਕੀਤੇ ਜਾ ਰਹੇ ਪ੍ਰਬੰਧਨ ਕਾਰਨ ਸੰਭਵ ਹੋਇਆ ਹੈ ।ਉਹਨਾਂ ਆਖਿਆ ਕਿ ਪਿਛਲੀਆਂ ਸਰਕਾਰਾਂ ਵੇਲੇ ਸੂਰਜੀ ਊਰਜਾ ਖਰੀਦਣ ਦੇ 18-18 ਰੁਪਏ ਪ੍ਰਤੀ ਯੁਨਿਟ ਦੇ ਸਮਝੌਤੇ ਹੋਏ ਸਨ ਜਦ ਕਿ ਹੁਣ ਸਰਕਾਰ ਨੇ ਇਹ ਬਿਜਲੀ ਕੇਵਲ 2.33 ਰੁਪਏ ਪ੍ਰਤੀ ਯੁਨਿਟ ਨਾਲ ਖਰੀਦਣ ਦੇ ਸਮਝੌਤੇ ਕੀਤੇ ਹਨ।

ਇਸੇ ਤਰ੍ਹਾਂ ਪਿਛਲੀਆਂ ਸਰਕਾਰਾਂ ਵੇਲੇ ਬਿਨਾਂ ਬਿਜਲੀ ਖਰੀਦੇ ਬੰਦ ਪਏ ਥਰਮਲ ਪਲਾਂਟਾਂ ਨੂੰ ਅਦਾਇਗੀ ਕੀਤੀ ਜਾਂਦੀ ਰਹੀ ਹੈ। ਉਹਨਾਂ ਨੇ ਕਿਹਾ ਕਿ ਗੋਇੰਦਵਾਲ ਥਰਮਲ ਪਲਾਂਟ ਨੂੰ 1718 ਕਰੋੜ ਰੁਪਏ ਬਿਨਾਂ ਬਿਜਲੀ ਖਰੀਦੇ ਪਿਛਲੀਆਂ ਸਰਕਾਰਾਂ ਨੇ ਦੇ ਦਿੱਤੇ ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਪਲਾਂਟ ਨੂੰ ਹੀ ਖਰੀਦ ਲਿਆ ਹੈ। ਇਸੇ ਤਰ੍ਹਾਂ ਪਿਛਵਾੜਾ ਕੋਲ ਖਾਣ ਨੂੰ ਚਲਾ ਕੇ ਵੀ ਪੰਜਾਬ ਸਰਕਾਰ ਨੇ 1200 ਕਰੋੜ ਰੁਪਏ ਦਾ ਫਾਇਦਾ ਕੀਤਾ ਹੈ।

ਉਹਨਾਂ ਨੇ ਆਖਿਆ ਕਿ ਜੇਕਰ ਨੀਅਤ ਸਾਫ ਹੋਵੇ ਅਤੇ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਜਾਵੇ ਤਾਂ ਸਰਕਾਰਾਂ ਦੇ ਖਜ਼ਾਨੇ ਕਦੇ ਵੀ ਖਾਲੀ ਨਹੀਂ ਹੁੰਦੇ।ਇਸ ਮੌਕੇ ਕੈਬਨਟ ਮੰਤਰੀ ਨੇ ਦੱਸਿਆ ਕਿ ਫਾਜ਼ਿਲਕਾ ਤੋਂ ਹਿੰਦੂ ਮੱਲਕੋਟ ਤੱਕ ਸੜਕ ਦੇ ਨਵੀਨੀਕਰਨ ਦੇ ਇਸ ਕੰਮ ਤੇ 750 ਲੱਖ ਰੁਪਏ ਦਾ ਖਰਚ ਆਵੇਗਾ । ਉਹਨਾਂ ਨੇ ਕਿਹਾ ਕਿ ਨਾ ਕੇਵਲ ਸੜਕ ਨੂੰ ਨਵੀਨੀਕਰਨ ਕੀਤਾ ਜਾਵੇਗਾ ਸਗੋਂ ਉਸ ਦੇ ਚਾਰ ਸਾਲ ਦਾ ਰੱਖ ਰਖਾਵ ਵੀ ਇਸੇ ਵਿੱਚ ਸ਼ਾਮਿਲ ਹੈ।

ਇਸ ਨਾਲ ਇਲਾਕੇ ਦੇ ਲਗਭਗ 20 ਸਰਹੱਦੀ ਪਿੰਡਾਂ ਨੂੰ ਲਾਭ ਹੋਵੇਗਾ। ਇਸ ਤੋਂ ਪਹਿਲਾਂ ਬੋਲਦਿਆਂ ਹਲਕਾ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਇਸ ਸੜਕ ਦੀ ਬਹੁਤ ਸਮੇਂ ਤੋਂ ਮੰਗ ਸੀ ਅਤੇ ਉਹਨਾਂ ਨੇ ਇਸ ਸੜਕ ਦੇ ਨਵੀਨੀਕਰਨ ਦਾ ਪ੍ਰੋਜੈਕਟ ਸ਼ੁਰੂ ਕਰਨ ਲਈ ਹਰਭਜਨ ਸਿੰਘ ਈਟੀਓ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

ਉਨਾਂ ਨੇ ਪੰਜਾਬ ਸਰਕਾਰ ਦੁਆਰਾ ਇਲਾਕੇ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਟੇਲਾਂ ਤੱਕ ਪੂਰਾ ਪਾਣੀ ਪੁਸਦਾ ਕਰਨ ਲਈ 42 ਕਰੋੜ ਰੁਪਏ ਦੇ ਨਹਿਰ ਪ੍ਰੋਜੈਕਟ ਆਰੰਭੇ ਗਏ ਹਨ ਜਿਸ ਵਿੱਚੋਂ 25 ਕਰੋੜ ਰੁਪਏ ਦੀ ਲਾਗਤ ਨਾਲ ਸਰਦਰਨ ਡਿਸਟਰੀਬਿਊਟਰੀ ਨੂੰ ਪੱਕਾ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਫਾਜ਼ਿਲਕਾ ਵਿਖੇ ਸਾਢੇ 23 ਕਰੋੜ ਰੁਪਏ ਕ੍ਰਿਟੀਕਲ ਕੇਅਰ ਯੂਨਿਟ ਬਣਾਉਣ ਲਈ ਮਨਜ਼ੂਰ ਹੋ ਗਏ ਹਨ ਅਤੇ ਇਸ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ।

ਇਸੇ ਤਰ੍ਹਾਂ ਕੈਂਸਰ ਹਸਪਤਾਲ ਵਿੱਚ ਵੀ ਮਸ਼ੀਨਰੀ ਆਦਿ ਦੀ ਖਰੀਦ ਲਈ 35 ਕਰੋੜ ਰੁਪਏ ਦਾ ਪ੍ਰਬੰਧ ਕਰ ਲਿਆ ਗਿਆ ਹੈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ੍ਰੀ ਸੁਨੀਲ ਸਚਦੇਵਾ, ਮਹਿਲਾ ਪ੍ਰਧਾਨ ਪੂਜਾ ਲੂਥਰਾ, ਯੂਥ ਪ੍ਰਧਾਨ ਪ੍ਰੋਫੈਸਰ ਤੇਜਵੀਰ ਸਿੰਘ ਬਰਾੜ, ਚੇਅਰਮੈਨ ਮਾਰਕੀਟ ਕਮੇਟੀ ਪਰਮਜੀਤ ਸਿੰਘ ਨੂਰ ਸ਼ਾਹ, ਬਲਾਕ ਪ੍ਰਧਾਨ ਕੁਲਦੀਪ ਸਿੰਘ ਪੰਨੂ, ਧਰਮਵੀਰ, ਭਜਨ ਕੰਬੋਜ, ਦਲੀਪ ਸਹਾਰਨ, ਮਨਜੋਤ ਸਿੰਘ ਖੇੜਾ, ਸਾਜਨ ਖਾਰਬਾਟ, ਗੁਰਪਾਲ ਸਿੰਘ, ਨਿਗਰਾਨ ਇੰਜੀਨੀਅਰ ਵਿਪਨ ਬਾਂਸਲ, ਕਾਰਜਕਾਰੀ ਇੰਜੀਨੀਅਰ ਇੰਦਰਜੀਤ ਸਿੰਘ, ਐਸਡੀਓ ਗੁਰਜਿੰਦਰ ਸਿੰਘ, ਜੇਈ ਅੰਜਮ ਸੇਠੀ ਵੀ ਹਾਜ਼ਰ ਸਨ।