5 Dariya News

ਤਿੰਨ ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਤੇ ਢਾਹੇ ਜਾ ਰਹੇ ਜਬਰ ਦੇ ਖਿਲਾਫ ਰੈਲੀ ਅਤੇ ਰੋਹ ਭਰਪੂਰ ਮੁਜਾਹਰਾ

ਕਿਰਤੀ ਕਿਸਾਨ ਯੂਨੀਅਨ ਵੱਲੋਂ ਕੀਤਾ ਗਿਆ ਸਮਰਥਨ

5 Dariya News

ਪਟਿਆਲਾ 05-Mar-2024

ਪਟਿਆਲਾ ਦੇ ਪੁੱਡਾ ਗਰਾਊਂਡ ਵਿਚ ਐੱਸਕੇਐੱਮ ਦੀਆਂ ਮੁੱਖ ਜੱਥੇਬੰਦੀਆਂ, ਜਿੰਨਾਂ ਵਿਚ ਬੀਕੇਯੂ ਉਗਰਾਹਾਂ, ਕਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਬੀਕੇਯੂ ਡਕੌਂਦਾ (ਧਨੇਰ) ਵੱਲੋਂ ਪੁੱਡਾ ਗਰਾਊਂਡ ਵਿੱਚ ਇਕੱਠੇ ਹੋ ਕੇ ਸਾਂਝੇ ਤੌਰ ’ਤੇ ਭਰਵੀਂ ਰੈਲੀ ਕੀਤੀ ਗਈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਵੱਲੋਂ ਢਾਹੇ ਜਾ ਰਹੇ ਜਬਰ ਦੀ ਕਰੜੀ ਨਿੰਦਾ ਕੀਤੀ ਗਈ। 

ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਲਈ‌‌ ਕਿਸਾਨਾਂ ਦੇ ਦਿੱਲੀ ਵੱਲ ਜਾਣ ਤੇ ਨੈਸ਼ਨਲ ਹਾਈਵੇ ਤੇ ਅਣਅਧਿਕਾਰਤ ਤੌਰ ਤੇ ਰੋਕਾਂ ਖੜੀਆਂ ਕਰਕੇ, ਗੋਲੀਆਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਭਿਆਨਕ ਢੰਗ ਨਾਲ ਕੀਤੀ ਅੰਨੀ ਵਰਖਾ ਨਾਲ ਕਿਸਾਨਾਂ ਦੀ ਸ਼ਹਾਦਤ ਤੇ ਮਾਰਧਾੜ ਵਿਰੋਧੀ ਦੇਸ ਵਰਗਾ ਵਿਹਾਰ ਬੇਹੱਦ ਸ਼ਰਮਨਾਕ ਤੇ ਅਸਿਹਣਯੋਗ ਹੋ ਗਿਆ ਹੈ ਜੋ ਕਿ ਪੂਰਨ ਤੌਰ ’ਤੇ ਸੰਵਿਧਾਨ ਵਿਰੋਧੀ ਹੈ, ਜਿਸ ਦਾ ਜਿਕਰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਲਏ ਗਏ ਨੋਟਿਸ ਵਿਚ ਵੀ ਦਰਜ ਹੋ ਚੁੱਕਾ ਹੈ। 

ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਜਿਨ੍ਹਾਂ ਵਿੱਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਖਰੀਦ, ਕਿਸਾਨਾਂ ਮਜਦੂਰਾਂ ਦੀ ਕਰਜਾ ਮੁਕਤੀ, ਲਖਮੀਰਪੁਰ ਖੀਰੀ ਵਿਖੇ ਕਿਸਾਨਾਂ ਦੇ ਕਾਤਲਾਂ ਨੂੰ ਸਜਾਵਾਂ, ਕਿਸਾਨਾਂ ਤੇ ਪਾਏ ਗਏ ਝੂਠੇ ਕੇਸਾਂ ਦੀ ਵਾਪਸੀ ਅਤੇ ਪੰਜਾਬ ਦੀ ਆਰਥਿਕ ਨਾਕਾਬੰਦੀ ਕਰਕੇ ਪੰਜਾਬ ਤਬਾਹੀ ਤੁਰੰਤ ਬੰਦ ਕਰਕੇ ਕਿਸਾਨਾਂ ਤੇ ਆਮ ਲੋਕਾਂ ਲਈ ਇਨਸਾਫ ਲੈਣਾ ਹੈ। ਇਸ ਦੇ ਨਾਲ ਹੀ ਬਲਰਾਜ ਜੋਸ਼ੀ, ਜਸਵਿੰਦਰ ਸਿੰਘ ਬਰਾਸ ਅਤੇ ਜਗਮੇਲ ਸਿੰਘ ਨੇ 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ ਰਾਮ ਲੀਲਾ ਗਰਾਊਂਡ ਵਿਚ ਕੀਤੀ ਜਾ ਰਹੀ ਮਹਾਂਪੰਚਾਇਤ ਵਿਚ ਭਾਰੀ ਗਿਣਤੀ ਨਾਲ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। 

ਅੱਜ ਦੇ ਇਸ ਐਕਸ਼ਨ ਦੀ ਅਹਿਮੀਅਤ ਤੇ ਸਾਰਥਕਤਾ ਨੂੰ ਸਮਝ ਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੀ ਪੰਜਾਬ ਦੇ ਸਾਰੇ ਜਿਲਿਆਂ ਵਿਚ ਸਮਰਥਨ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਤਰਿਪੜੀ ਬਜਾਰ ਵਿੱਚੋਂ ਹੋਕੇ ਡਿਪਟੀ ਕਮਿਸ਼ਨਰ ਤੱਕ ਰੋਹ ਭਰਪੂਰ ਮੁਜਾਹਰਾ ਕਰਦੇ ਹੋਏ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਕੌਰਜੀਵਾਲਾ, ਦਵਿੰਦਰ ਸਿੰਘ ਪੂਨੀਆ, ਅਮਰੀਕ ਸਿੰਘ ਘੱਗਾ, ਹਰਦੀਪ ਸਿੰਘ ਡਰੌਲੀ, ਜਗਦੀਪ ਸਿੰਘ ਛੰਨਾਂ, ਗੁਰਮੀਤ ਸਿੰਘ ਦਿੱਤੂਪੁਰ, ਸੁਖਵਿੰਦਰ ਸਿੰਘ ਤੁਲੇਵਾਲ, ਹਰਭਜਨ ਸਿੰਘ  ਧੂਹੜ ਆਦਿ ਵੱਲੋਂ ਸੰਬੋਧਨ ਕੀਤਾ ਗਿਆ ।