5 Dariya News

ਤਿੰਨ ਕਿਸਾਨ ਜਥੇਬੰਦੀਆਂ ਵੱਲੋਂ 5 ਮਾਰਚ ਨੂੰ ਪੰਜਾਬ ਭਰ 'ਚ ਵਿਸ਼ਾਲ ਰੋਸ ਮਾਰਚਾਂ ਦੀਆਂ ਤਿਆਰੀਆਂ ਮੁਕੰਮਲ

ਕਿਸਾਨਾਂ ਦਾ ਜਨਤਕ ਸੰਘਰਸ਼ ਦਾ ਜਮਹੂਰੀ ਹੱਕ ਖੋਹਣ ਖ਼ਿਲਾਫ਼ ਪੰਜਾਬ ਭਰ 'ਚ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਹੋਣਗੇ

5 Dariya News

ਚੰਡੀਗੜ੍ਹ 04-Mar-2024

ਭਾਕਿਯੂ (ਏਕਤਾ-ਉਗਰਾਹਾਂ), ਭਾਕਿਯੂ ਏਕਤਾ ਡਕੌਂਦਾ (ਧਨੇਰ) ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਾਰਤ ਤਿੰਨਾਂ ਜਥੇਬੰਦੀਆਂ ਵੱਲੋਂ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਵਰਗੇ ਭਖਦੇ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਦੇ ਲਿਖਤੀ ਵਾਅਦੇ ਤੋਂ ਭੱਜਣ ਅਤੇ ਇਸ ਖਾਤਰ ਦਿੱਲੀ ਜਾ ਰਹੇ ਕਿਸਾਨਾਂ ਦਾ ਜਨਤਕ ਸੰਘਰਸ਼ ਦਾ ਜਮਹੂਰੀ ਹੱਕ ਕੁਚਲਣ ਲਈ ਗੋਲੀਆਂ ਮਾਰ ਕੇ ਸ਼ੁਭਕਰਨ ਸਿੰਘ ਦਾ ਕਤਲ ਕਰਨ ਸਮੇਤ ਦਰਜਨਾਂ ਕਿਸਾਨਾਂ ਨੂੰ ਜ਼ਖ਼ਮੀ ਕਰਨ ਲਈ ਜ਼ਿੰਮੇਵਾਰ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਭਲਕੇ 5 ਮਾਰਚ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੇ ਵਿਸ਼ਾਲ ਰੋਸ ਮਾਰਚ ਕਰਨ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। 

ਇਸ ਸਬੰਧੀ ਅੱਜ ਇੱਥੇ ਪ੍ਰੈੱਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀਆਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਸਿੰਘ ਧਨੇਰ ਅਤੇ ਡਾ: ਦਰਸ਼ਨਪਾਲ ਨੇ ਦੱਸਿਆ ਕਿ ਇਸ ਵਿਸ਼ਾਲ ਰੋਸ ਐਕਸ਼ਨ ਦੀਆਂ ਮੁੱਖ ਮੰਗਾਂ ਵਿੱਚ ਕਾਲੇ ਕਾਨੂੰਨਾਂ ਵਿਰੁੱਧ ਜੇਤੂ ਦਿੱਲੀ ਘੋਲ਼ ਦੀਆਂ ਲਟਕਦੀਆਂ ਮੰਗਾਂ ਜਿਵੇਂ ਸਭ ਫਸਲਾਂ ਦੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ, ਸਰਵਜਨਿਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੀਆਂ ਸਮੂਹ ਮੰਗਾਂ ਸ਼ਾਮਲ ਹਨ।

ਇਸਤੋਂ ਇਲਾਵਾ ਭਾਰਤ ਨੂੰ ਡਬਲਯੂ ਟੀ ਓ ਤੋਂ ਬਾਹਰ ਲਿਆਉਣ, ਸ਼ੁਭਕਰਨ ਸਿੰਘ ਦੇ ਕਤਲ ਅਤੇ ਪ੍ਰੀਤਪਾਲ ਸਿੰਘ ਦੀਆਂ ਲੱਤਾਂ/ਜਬਾੜ੍ਹੇ ਤੋੜਨ ਲਈ ਜ਼ਿੰਮੇਵਾਰ ਕੇਂਦਰ ਤੇ ਹਰਿਆਣਾ ਦੇ ਗ੍ਰਹਿ ਮੰਤਰੀਆਂ ਸਮੇਤ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਰੁੱਧ ਕਤਲ ਕੇਸ ਦਰਜ ਕਰ ਕੇ ਬਰਖਾਸਤ ਕਰਨ, ਦਿੱਲੀ ਘੋਲ਼ ਅਤੇ ਮੌਜੂਦਾ ਦੋਨਾਂ ਬਾਡਰਾਂ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਅਤੇ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦਾ ਜਨਤਕ ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕਰਨ ਵਰਗੀਆਂ ਭਖਦੀਆਂ ਮੰਗਾਂ ਵੀ ਸ਼ਾਮਲ ਹਨ।

ਕਿਸਾਨ ਆਗੂਆਂ ਵੱਲੋਂ ਦੱਸਿਆ ਗਿਆ ਹੈ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਦਾ ਟੀਚਾ ਹਾਸਲ ਕਰਨ ਲਈ ਜੇਤੂ ਦਿੱਲੀ ਘੋਲ਼ ਤੋਂ ਪਹਿਲਾਂ ਵਾਂਗ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਘੱਟੋ ਘੱਟ ਪ੍ਰੋਗਰਾਮ 'ਤੇ ਇੱਕਜੁਟਤਾ ਅਤੇ ਵਿਸ਼ਾਲ ਲਾਮਬੰਦੀਆਂ ਵਾਲ਼ਾ ਮਹੌਲ ਸਿਰਜਣ ਲਈ ਇਨ੍ਹਾਂ ਰੋਸ ਮਾਰਚਾਂ ਰਾਹੀਂ 14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਵੱਲੋਂ ਕੀਤੀ ਜਾਣ ਵਾਲੀ ਮੁਲਕ ਪੱਧਰੀ ਕਿਸਾਨ-ਮਜ਼ਦੂਰ ਮਹਾਂਪੰਚਾਇਤ ਦੀਆਂ ਵੀ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਲਈ ਇਨ੍ਹਾਂ ਰੋਸ ਮਾਰਚਾਂ ਵਿੱਚ ਪੰਜਾਬ ਦੀਆਂ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਗਈ ਹੈ। ਪੰਜਾਬ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਵੀ ਇਨ੍ਹਾਂ ਰੋਸ ਮਾਰਚਾਂ ਵਿੱਚ ਪਰਵਾਰਾਂ ਸਮੇਤ ਵਹੀਰਾਂ ਘੱਤ ਕੇ ਪੁੱਜਣ ਦਾ ਜ਼ੋਰਦਾਰ ਸੱਦਾ ਦਿੱਤਾ ਗਿਆ ਹੈ।