5 Dariya News

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 14 ਮਾਰਚ ਨੂੰ ਦਿੱਲੀ ਕੂਚ ਕਰਨਗੇ ਕਿਸਾਨ

5 Dariya News

ਮਸਤੂਆਣਾ ਸਾਹਿਬ 03-Mar-2024

ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ 14 ਮਾਰਚ ਨੂੰ ਰਾਮਲੀਲਾ ਗਰਾਊਂਡ ਦਿੱਲੀ ਵਿਖੇ ਕੀਤੀ ਜਾ ਰਹੀ ਮਹਾਂਪੰਚਾਇਤ ਦੀ ਤਿਆਰੀ ਸਬੰਧੀ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹੇ ਦੀ ਵਿਸਥਾਰੀ ਮੀਟਿੰਗ ਇੱਥੇ ਮਸਤੂਆਣਾ ਸਾਹਿਬ ਵਿਖੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਸੂਬਾ ਪ੍ਰੈੱਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਦੀ ਅਗਵਾਈ ਹੇਠ ਹੋਈ।

ਇਸ ਸਬੰਧੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਵਿਸਥਾਰ ਸਹਿਤ ਕਿਸਾਨੀ ਮੰਗਾਂ ਸਬੰਧੀ, ਐਮਐਸਪੀ ਦੀ ਕਾਨੂੰਨੀ ਗਰੰਟੀ ਸਬੰਧੀ, ਦਿੱਲੀ ਜਾ ਰਹੇ ਕਿਸਾਨਾਂ ਤੇ ਮੋਦੀ ਸਰਕਾਰ ਦੀ ਸ਼ਹਿ ਤੇ ਕੀਤੇ ਤਸ਼ੱਦਦ ਅਤੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਸ਼ੁਭਕਰਨ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਦਰਜ ਕੀਤੀ ਜੀਰੋ ਐੱਫਆਈਆਰ ਸਬੰਧੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨੀ ਮੰਗਾਂ ਨੂੰ ਲੈ ਕੇ 14 ਮਾਰਚ ਨੂੰ ਦੇਸ਼ ਵਿਆਪੀ ਮਹਾਂਪੰਚਾਇਤ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

ਇਸ ਮੌਕੇ ਹਾਜ਼ਰ ਕਿਸਾਨਾਂ ਨੇ ਕਿਸਾਨੀ ਮੰਗਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਮੌਜੂਦਾ ਸਮੇਂ ਪੁਜੀਸ਼ਨ ਸਬੰਧੀ ਅਤੇ ਹੋਰ ਜਾਣਕਾਰੀ ਹਾਸਿਲ ਕਰਨ ਲਈ ਸਵਾਲ ਕੀਤੇ ਜਿਨ੍ਹਾਂ ਦੇ ਰਾਮਿੰਦਰ ਪਟਿਆਲਾ ਨੇ ਕਿਸਾਨਾਂ ਨੂੰ ਤਸੱਲੀ ਬਖਸ਼ ਜਵਾਬ ਦਿੱਤੇ। ਇਸ ਤੋਂ ਬਾਅਦ ਕਿਸਾਨਾਂ ਨੇ ਇੱਕ ਮੱਤ ਹੁੰਦਿਆਂ ਦਿੱਲੀ ਕੂਚ ਨੂੰ ਸਫਲ ਬਣਾਉਣ ਲਈ ਵਿਉਂਤਬੰਦੀ ਕੀਤੀ ।ਜਿਸ ਤਹਿਤ ਬਲਾਕ ਪੱਧਰ ਤੇ ਟੀਮਾਂ ਬਣਾ ਕੇ ਪਿੰਡ ਪਿੰਡ ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। 

ਇਸ ਮੌਕੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਜ਼ਿਲ੍ਹਾ ਵਿੱਤ ਸਕੱਤਰ ਕੁਲਦੀਪ ਸਿੰਘ, ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ, ਬਲਾਕ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ,ਬਲਾਕ ਲੌਂਗੋਵਾਲ ਦੇ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਬਲਾਕ ਧੂਰੀ ਦੇ ਪ੍ਰਧਾਨ ਮੇਹਰ ਸਿੰਘ ਈਸ਼ਾਪੁਰ ਲੰਡਾ, ਮਾਲੇਰਕੋਟਲਾ ਬਲਾਕ ਦੇ ਪ੍ਰਧਾਨ ਮਾਨ ਸਿੰਘ ਸੱਦੋਪੁਰ,ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ, ਚਮਕੌਰ ਸਿੰਘ ਹਥਨ, ਹਰਦਮ ਸਿੰਘ ਰਾਜੋਮਾਜਰਾ, ਜੁਝਾਰ ਸਿੰਘ ਬਡਰੁੱਖਾਂ, ਯੂਥ ਵਿੰਗ ਦੇ ਆਗੂ ਜਸਦੀਪ ਸਿੰਘ ਬਹਾਦਰਪੁਰ, ਨਿਰਭੈ ਸਿੰਘ ਖਾਈ, ਗੁਰਪ੍ਰੀਤ ਸਿੰਘ ਖਾਈ, ਲਖਵਿੰਦਰ ਉਭਾਵਾਲ, ਹਰਜਿੰਦਰ ਸਿੰਘ ਰੱਤੋਕੇ, ਸਾਹਿਬ ਸਿੰਘ ਤਕੀਪੁਰ, ਗੁਰਪ੍ਰੀਤ ਸਿੰਘ ਕਹੇਰੂ, ਔਰਤ ਵਿੰਗ ਦੇ ਆਗੂ ਜਸਵਿੰਦਰ ਕੌਰ ਲੌਂਗੋਵਾਲ ਸਮੇਤ ਵੱਡੀ ਗਿਣਤੀ ਬਲਾਕ ਕਮੇਟੀਆਂ ਅਤੇ ਪਿੰਡ ਇਕਾਈਆਂ ਦੇ ਆਗੂ ਹਾਜ਼ਰ ਸਨ।