5 Dariya News

ਕਿਸਾਨ ਲਹਿਰ ਦੀ ਵੀਰਾਂਗਣ ਪਰਮਜੀਤ ਕੌਰ ਠੀਕਰੀਵਾਲਾ ਦਾ ਸ਼ਰਧਾਂਜਲੀ ਸਮਾਗਮ

ਸ਼ਰਧਾਂਜਲੀ ਸਮਾਗਮ ਸਮੇਂ ਸੈਂਕੜੇ ਕਿਸਾਨ ਆਗੂ/ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ

5 Dariya News

ਠੀਕਰੀਵਾਲਾ 03-Mar-2024

ਭਾਕਿਯੂ ਏਕਤਾ (ਡਕੌਂਦਾ) ਦੀ ਨਿਡਰ ਆਗੂ, ਕਿਸਾਨ ਲਹਿਰ ਦੀ ਵੀਰਾਂਗਣ ਪਰਮਜੀਤ ਕੌਰ ਠੀਕਰੀਵਾਲਾ ਦੀ ਕੁੱਝ ਸਮਾਂ ਕੈਂਸਰ ਰੂਪੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਣ ਕਾਰਨ 23 ਫਰਵਰੀ ਨੂੰ ਬੇਵਕਤੀ ਮੌਤ ਹੋ ਗਈ ਸੀ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਇਤਿਹਾਸਕ ਕਿਸਾਨ ਘੋਲ ਦੌਰਾਨ ਪਰਮਜੀਤ ਕੌਰ ਨੇ ਇਤਿਹਾਸਕ ਘੋਲ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। 

ਰੋਜ਼ਾਨਾ ਰੇਲਵੇ ਸਟੇਸ਼ਨ ਤੇ ਔਰਤ ਕਿਸਾਨ ਕਾਰਕੁਨਾਂ ਦਾ ਜੱਥਾ ਲੈਕੇ ਪਹੁੰਚਦੀ ਰਹੀ ਨਾਂ ਸਿਰਫ ਬਰਨਾਲਾ ਸਗੋਂ ਦਿੱਲੀ ਟਿੱਕਰੀ ਬਾਰਡਰ 'ਤੇ ਵੀ ਕਿੰਨੀ ਹੀ ਵਾਰ ਔਰਤ ਕਾਰਕੁਨਾਂ ਦਾ ਕਾਫ਼ਲਾ ਲੈਕੇ ਗਈ। ਕਈ-ਕਈ ਦਿਨ ਟਿੱਕਰੀ ਬਾਰਡਰ ਉੱਪਰ ਰੁਕਦੀ ਰਹੀ। ਸਮਾਂ ਹਰ ਆਗੂ ਦੀ ਪਰਖ਼ ਕਰਦਾ ਹੈ। ਬਰਨਾਲਾ ਰੇਲਵੇ ਸਟੇਸ਼ਨ 'ਤੇ ਹੀ ਚੱਲਦੇ ਮੋਰਚੇ ਦੌਰਾਨ ਬੀਜੇਪੀ ਦੇ ਬੜਬੋਲੇ ਹਰਜੀਤ ਗਰੇਵਾਲ ਖਿਲ਼ਾਫ਼ ਆਰ-ਪਾਰ ਦੀ ਲੜ੍ਹਾਈ ਦਾ ਪਿੜ੍ਹ ਮੱਲਣ ਦਾ ਮੌਕਾ ਆਇਆ। 

ਉਸ ਨੇ ਆਪਣੀ ਜੱਦੀ ਜ਼ਮੀਨ ਧਨੌਲਾ ਵਿੱਚ ਲਗਾ ਦਿੱਤਾ। ਐਸਕੇਐਮ ਦੀ ਮੀਟਿੰਗ ਵਿੱਚ ਫ਼ੈਸਲਾ ਹੋ ਗ‌ਿਆ ਕਿ ਇਹ ਝੋਨਾ ਕਿਸੇ ਵੀ ਸੂਰਤ ਵਿੱਚ ਪਾਲਣ ਨਹੀਂ ਦੇਣਾ। ਭੈਣ ਪਰਮਜੀਤ ਕੌਰ ਨੇ ਜਿਸ ਜਿੰਦਾਦਿਲੀ ਨਾਲ ਉਸ ਸਮੇਂ ਟਾਕਰਾ ਕੀਤਾ ਤੇ ਲਾਇਆ ਝੋਨਾ ਤੀਲਾ-ਤੀਲਾ ਕਰ ਦਿੱਤਾ। ਗੋਡੇ-ਗੱਡੇ ਤੱਕ ਖੜ੍ਹੇ ਪਾਣੀ ਵਿੱਚ ਕਿਸਾਨੀ ਝੰਡਾ ਚੁੱਕਕੇ ਬੇਖੌਫ਼ ਵੱਡੇ ਖੱਬੀਖਾਨ ਨੂੰ ਦਹਾੜਦੀ ਰਹੀ। 

ਇਸ ਸਮੇਂ ਬਹੁਤੇ ਆਗੂ ਲੁਕ-ਲੁਕ ਕੇ ਚਮੜੀ ਬਚਾਉਂਦੇ ਵੇਖੇ ਗਏ। ਭੈਣ ਪਰਮਜੀਤ ਕੌਰ ਨੇ ਤਾਂ ਆਪਣੇ ਆਪ ਨੂੰ ਕਿਸਾਨ ਘੋਲਦੇ ਕੁੱਲਵਕਤੀ ਕਾਮੇ ਵਜੋਂ ਸਮਰਪਿਤ ਕਰ ਦਿੱਤਾ ਸੀ। ਜਦ ਦਿੱਲੀ ਪਹਿਲਵਾਨ ਖਿਡਾਰਨਾਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ, ਭਾਜਪਾ ਦੇ ਬਾਹੂਬਲੀ ਐਮਪੀ ਖਿਲਾਫ਼ ਸੰਘਰਸ਼ ਸ਼ੁਰੂ ਹੋਇਆ ਤਾਂ ਰੇਲਵੇ ਸਟੇਸ਼ਨ ਬਰਨਾਲਾ ਤੋਂ ਭਾਕਿਯੂ ਏਕਤਾ ਡਕੌਦਾ ਦੇ ਕਾਫ਼ਲੇ ਦੀ ਅਗਵਾਈ ਕਰਨ ਲਈ ਤਿਆਰ ਬਰ ਤਿਆਰ ਸੀ। 

ਜਦੋਂ ਗੱਲ ਭੁੱਖ ਹੜਤਾਲ ਦੀ ਆਈ ਤਾਂ ਪਰਮਜੀਤ ਕੌਰ ਨੇ ਪੂਰੇ ਹੌਂਸਲੇ ਨਾਲ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਠੀਕਰੀਵਾਲਾ ਵਾਲੀਆਂ ਭੈਣਾਂ  ਭੁੱਖ ਹੜਤਾਲ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਇਸ ਤਰ੍ਹਾਂ ਦਾ ਹੌਸਲਾ ਅਤੇ ਦ੍ਰਿੜ੍ਹ ਇਰਾਦਾ ਸੀ ਭੈਣ ਪਰਮਜੀਤ ਦਾ।ਤਿੰਨ ਕੁ ਮਹੀਨੇ ਪਹਿਲਾਂ ਸਾਡੀ ਕਿਸਾਨ ਲਹਿਰ ਦੀ ਵੀਰਾਂਗਣ ਪਰਮਜੀਤ ਕੌਰ ਨੂੰ ਕੈਂਸਰ ਰੂਪੀ ਜਾਨਲੇਵਾ ਬਿਮਾਰੀ ਨੇ ਆਣ ਘੇਰਿਆ। 

ਇਸ ਮੌਕੇ ਬਲਾਕ ਪ੍ਰਧਾਨ ਬਾਬੂ ਸਿੰਘ ਖੁੱਡੀਕਲਾਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ 23 ਫਰਬਰੀ ਨੂੰ ਸਵੇਰ ਮੌਕੇ ਖੁਦ ਫੋਨ ਕਰਕੇ ਆਪਣੀ ਬਿਮਾਰੀ ਉੱਤੇ ਕਾਬੂ ਪਾਉਣ ਬਾਰੇ ਸੂਚਿਤ ਕਰਦਿਆਂ ਕਿਹਾ ਸੀ  ਮੈਂ ਜਲਦ ਹੀ ਠੀਕ ਹੋ ਜਾਵਾਂਗੀ। ਮੈਂ ਤਾਂ ਆਪਣਾ ਬਾਕੀ ਰ‌ਹਿੰਦਾ ਜਿੰਦਗੀ ਦਾ ਸਮਾਂ ਆਪਣੀ ਕਿਸਾਨ ਜਥੇਬੰਦੀ ਭਾਕਿਯੂ ਏਕਤਾ (ਡਕੌਂਦਾ) ਦੇ ਲੇਖੇ ਲਾਉਣਾ ਹੈ।ਕੈਂਸਰ ਦੀ ਬਿਮਾਰੀ ਸਾਡੀ ਕਿਸਾਨ ਲਹਿਰ ਦੀ ਵੀਰਾਂਗਣ ਭੈਣ ਨੂੰ ਸਾਡੇ ਕੋਲੋਂ ਸਦਾ ਵਾਸਤੇ ਖੋਹਕੇ ਲੈ ਗਈ। 

ਪਰਮਜੀਤ ਕੌਰ ਦਾ ਬੇਵਕਤੀ ਚਲੇ ਜਾਣਾ ਪਰ‌ਿਵਾਰ ਸਮੇਤ ਕਿਸਾਨ ਲਹ‌ਿਰ ਖਾਸ ਕਰ ਭਾਕਿਯੂ ਏਕਤਾ (ਡਕੌਂਦਾ) ਲਈ ਵੱਡਾ ਨਾਂ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਜ਼ਿਲ੍ਹਾ ਆਗੂ ਅਮਰਜੀਤ ਕੌਰ ਨੇ ਕਿਹਾ ਕਿ ਪਰਮਜੀਤ ਕੌਰ ਦੇ ਕਿਸਾਨ ਮੋਰਚੇ ਨੂੰ ਸਫ਼ਲ ਬਣਾਉਣ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ, ਕਿਉਂਕਿ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਜੀ ਦੀ ਜੁਝਾਰੂ ਵਿਰਾਸਤ ਨੂੰ ਅੱਗੇ ਤੋਰਿਆ ਹੈ। 

ਇਸ ਸਮੇਂ ਆਗੂਆਂ ਬਲਵੰਤ ਸਿੰਘ ਉੱਪਲੀ, ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ,ਰਾਮ ਸਿੰਘ ਸ਼ਹਿਣਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਭੋਲਾ ਸਿੰਘ ਛੰਨਾਂ, ਕੁਲਵਿੰਦਰ ਸਿੰਘ ਉੱਪਲੀ, ਕਾਲਾ ਸਿੰਘ ਜੈਦ, ਧੀਰਜ ਸਿੰਘ, ਬਲਵੰਤ ਸਿੰਘ ਠੀਕਰੀਵਾਲਾ, ਕੁਲਵੰਤ ਸਿੰਘ ਹੰਢਿਆਇਆ, ਯਾਦਵਿੰਦਰ ਸਿੰਘ, ਗੁਰਦਿਆਲ ਸਿੰਘ, ਅਵਤਾਰ ਸਿੰਘ, ਭਿੰਦਰ ਸਿੰਘ ਮੂੰਮ, ਪ੍ਰੇਮਪਾਲ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ। ਭਾਕਿਯੂ ਏਕਤਾ (ਡਕੌਂਦਾ) ਵੱਲੋਂ ਭੈਣ ਪਰਮਜੀਤ ਕੌਰ ਦੇ ਜੀਵਨ ਸਾਥੀ ਦਰਸ਼ਨ ਸਿੰਘ ਭੋਲਾ ਨੂੰ ਸਿਰੋਪਾਓ ਤੇ ਬੈਜ ਲਗਾਕੇ ਸਨਮਾਨਿਤ ਕੀਤਾ ਗਿਆ।