5 Dariya News

ਜਲਾਲਾਬਾਦ ਵਿੱਚ ਸਕੂਲ ਆਫ ਐਮੀਨੈਂਸ ਦਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕੀਤਾ ਉਦਘਾਟਨ

ਕਿਹਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਬਣੇਗਾ ਮੋਹਰੀ

5 Dariya News

ਜਲਾਲਾਬਾਦ 03-Mar-2024

ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਅੱਜ ਸੂਬੇ ਦੇ 13 ਸਕੂਲ ਆਫ ਐਮੀਨੈਸ ਲੋਕ ਸਮਰਪਿਤ ਕੀਤੇ ਹਨ। ਇਸੇ ਲੜੀ ਤਹਿਤ ਵਿੱਚ ਜਲਾਲਾਬਾਦ ਦੇ ਸਰਕਾਰੀ ਸਕੂਲ ਨੂੰ ਵੀ ਸਕੂਲ ਆਫ ਐਮੀਨੈਂਸ ਵਜੋਂ ਅੱਜ ਲੋਕ ਸਮਰਪਿਤ ਕੀਤਾ ਗਿਆ । ਇਹ ਸ਼ੁਭ ਕਾਰਜ ਇਥੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕੀਤਾ।

ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਨਣ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਸੂਬੇ ਦੀ ਮਨੁੱਖੀ ਸ਼ਕਤੀ ਦੇ ਵਿਕਾਸ ਦਾ ਆਧਾਰ ਹੁੰਦੀ ਹੈ ਅਤੇ ਪੰਜਾਬ ਸਰਕਾਰ ਇਸੇ ਆਧਾਰ ਨੂੰ ਮਜਬੂਤ ਕਰਨ ਵਿੱਚ ਲੱਗੀ ਹੋਈ ਹੈ। ਉਨਾਂ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਬਣਨ ਨਾਲ ਸਾਡੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਮਿਲੇਗੀ।

ਉਹਨਾਂ ਨੇ ਕਿਹਾ ਕਿ ਇਹਨਾਂ ਸਕੂਲਾਂ ਵਿੱਚ ਬੱਚਿਆਂ ਨੂੰ ਰਵਾਇਤੀ ਸਿੱਖਿਆ ਦੇ ਨਾਲ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਨਾਲੋਂ ਨਾਲ ਤਿਆਰੀ ਕਰਵਾਈ ਜਾਵੇਗੀ ਤਾਂ ਜੋ ਸਾਡੇ ਬੱਚੇ ਦੇਸ਼ ਭਰ ਵਿੱਚ ਉੱਚ ਅਹੁਦਿਆਂ ਤੇ ਨੌਕਰੀਆਂ ਪ੍ਰਾਪਤ ਕਰ ਸਕਣ।ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਹਲਕਾ ਜਲਾਲਾਬਾਦ ਵਿੱਚ ਦੋ ਸਕੂਲ ਆਫ ਐਮੀਨੈਸ  ਬਣੇ ਹਨ ਜਿਸ ਵਿੱਚ ਇਕ ਜਲਾਲਾਬਾਦ ਵਿਖੇ ਅਤੇ ਇੱਕ ਮੰਡੀ ਅਰਨੀਵਾਲਾ ਵਿਖੇ ਹੈ।

ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਲਈ ਸੂਬੇ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਉਹਨਾਂ ਦੇ ਹਲਕੇ ਵਿੱਚ ਦੋ ਸਕੂਲ ਆਫ ਐਮੀਨਸ ਸਥਾਪਿਤ ਕੀਤੇ ਹਨ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਇਹ ਸਕੂਲ ਆਫ ਐਮੀਨੈਂਸ ਸਾਡੀ ਆਉਣ ਵਾਲੀ ਪੀੜੀ ਲਈ ਚਾਨਣ ਮੁਨਾਰੇ ਸਾਬਤ ਹੋਣਗੇ ਅਤੇ ਇੱਥੋਂ ਪੜ੍ਹਾਈ ਕਰਕੇ ਸਾਡੇ ਬੱਚੇ ਉੱਚ ਅਹੁਦਿਆਂ ਤੇ ਪਹੁੰਚਣਗੇ।

ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਤੇ ਵਿਸ਼ੇਸ਼ ਤਵੱਜੋ ਦੇ ਰਹੀ ਹੈ ਅਤੇ ਲਗਾਤਾਰ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਕਿ ਸਿੱਖਿਆ ਖੇਤਰ ਵਿੱਚ ਵੱਡੇ ਸੁਧਾਰ ਅਤੇ ਤਬਦੀਲੀਆਂ ਕੀਤੀਆਂ ਜਾਣ। ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸਥਾਨਕ ਪਤਵੰਤੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।