5 Dariya News

ਕਿਰਤੀ ਕਿਸਾਨ ਯੂਨੀਅਨ ਵੱਲੋਂ ਸ਼ਹੀਦ ਸ਼ੁਭਕਰਨ ਨੂੰ ਇਨਸਾਫ਼ ਦਵਾਉਣ ਲਈ ਰੋਸ ਪ੍ਰਦਰਸ਼ਨ

5 Dariya News

ਸੰਗਰੂਰ 29-Feb-2024

ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਕਿਸਾਨਾਂ ਉੱਪਰ ਹਰਿਆਣਾ ਪੁਲਿਸ ਵੱਲੋਂ ਪੰਜਾਬ ਹਰਿਆਣਾ ਹੱਦ ਤੇ ਪਿਛਲੇ ਦਿਨੀਂ ਤਸ਼ੱਦਦ ਕਰਨ ਕਰਕੇ ਇੱਕ ਨੌਜਵਾਨ ਸ਼ੁਭਕਰਨ ਦੀ ਮੌਤ ਹੋ ਗਈ ਅਤੇ 250 ਦੇ ਕਰੀਬ ਕਿਸਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਇਸ ਬਰਬਰਤਾ ਦੇ ਖ਼ਿਲਾਫ਼ ਪੂਰੇ ਦੇਸ਼ ਦੇ ਕਿਸਾਨਾਂ ਵਿੱਚ ਰੋਸ਼ ਹੈ। ਕਿਰਤੀ ਕਿਸਾਨ ਯੂਨੀਅਨ ਵੱਲੋਂ ਦਿੱਤੇ ਪੰਜਾਬ ਪੱਧਰੀ ਸੱਦੇ ਤਹਿਤ ਅੱਜ ਕਿਸਾਨ ਵੱਡੀ ਗਿਣਤੀ ਡੀਸੀ ਦਫਤਰ ਸੰਗਰੂਰ ਅੱਗੇ ਇਕੱਠੇ ਹੋਏ ਅਤੇ ਇੱਥੇ ਰੋਸ ਰੈਲੀ ਕਰਨ ਉਪਰੰਤ ਮਹਾਂਵੀਰ ਚੌਂਕ ਤੱਕ ਰੋਸ ਮੁਜ਼ਾਹਰਾ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਯੂਥ ਵਿੰਗ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਅਤੇ ਜਸਦੀਪ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਲਈ ਕਿਸਾਨ ਦਿੱਲੀ ਜਾ ਰਹੇ ਸਨ ਪਰ ਕਥਿਤ ਤੌਰ ਤੇ ਲੋਕਤੰਤਰ ਨੂੰ ਪੈਰਾਂ ਹੇਠ ਮਧੋਲਦਿਆਂ ਅਤੇ ਪ੍ਰਦਰਸ਼ਨ ਕਰਨ ਦੇ ਹੱਕ ਤੇ ਰੋਕ ਲਾਉਂਦਿਆਂ ਪੰਜਾਬ ਹਰਿਆਣਾ ਹੱਦ ਤੇ ਭਾਰੀ ਬੈਰੀਕੇਡ ਕਰਕੇ ਕਿਸਾਨਾਂ ਨੂੰ ਰੋਕਿਆ ਗਿਆ ਅਤੇ ਉਨਾਂ ਉੱਪਰ ਅੱਥਰੂ ਗੈਸ,ਰਬੜ ਦੀਆਂ ਗੋਲੀਆਂ ਅਤੇ ਪੈਲਟ ਗੰਨ, ਸਮੇਤ ਸਿੱਧੀਆਂ ਗੋਲੀਆਂ ਵੀ ਮਾਰੀਆਂ ਗਈਆਂ। 

ਜਿਸ ਕਾਰਨ ਵੱਡੀ ਗਿਣਤੀ ਕਿਸਾਨ ਜਖਮੀ ਹੋਏ ਅਤੇ ਇੱਕ ਕਿਸਾਨ ਸ਼ਹੀਦ ਹੋ ਗਿਆ। ਕਿਸਾਨਾਂ ਤੇ ਹੋਏ ਇਸ ਤਸ਼ੱਦਦ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣੇ ਦੇ ਮੁੱਖ ਮੰਤਰੀ ਖੱਟਰ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਸਿੱਧੇ ਤੌਰ ਤੇ ਜਿੰਮੇਵਾਰ ਹਨ ਪੰਜਾਬ ਸਰਕਾਰ ਫੌਰੀ ਇਹਨਾਂ ਤਿੰਨਾਂ ਉੱਪਰ ਕਤਲ ਦਾ ਮੁਕੱਦਮਾ ਦਰਜ ਕਰੇ ਅਤੇ ਇੱਕ ਕਿਸਾਨ ਨੂੰ ਅਗਵਾਹ ਕਰਨ ਅਤੇ ਕਿਸਾਨਾਂ ਦੇ ਟਰੈਕਟਰ ਭੰਨਣ ਦਾ ਵੀ ਮੁਕੱਦਮਾ ਦਰਜ ਕਰੇ ਤੇ ਪੂਰੇ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਹੇਠ ਨਿਆਇਕ ਜਾਂਚ ਕਰਵਾਈ ਜਾਵੇ ਅਤੇ ਦਿੱਲੀ ਜਾ ਰਹੇ ਕਿਸਾਨਾਂ ਲਈ ਬੰਦ ਕੀਤੇ ਰਸਤਿਆਂ ਨੂੰ ਤੁਰੰਤ ਖੋਲਿਆ ਜਾਵੇ ਤੇ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ। 

ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ, ਲੌਂਗੋਵਾਲ ਦੇ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਜਿਲ੍ਹਾ ਆਗੂ ਮਿਹਰ ਸਿੰਘ ਈਸਾਪੁਰ ਲੰਡਾ, ਹਰਦਮ ਸਿੰਘ ਰਾਜੋਮਾਜਰਾ ਤੇ ਅਵਤਾਰ ਸਿੰਘ ਸਾਹੋਕੇ ਨੇ ਕਿਹਾ ਕਿ ਭਾਰਤ ਸਰਕਾਰ ਵਿਸ਼ਵ ਵਪਾਰ ਸੰਸਥਾ ਦੀਆਂ ਸ਼ਰਤਾਂ ਅਤੇ ਗੈਟ ਸਮਝੌਤੇ ਨੂੰ ਇੰਨ ਬਿੰਨ ਲਾਗੂ ਕਰ ਰਹੀ ਹੈ ਜਿਸ ਕਰਕੇ ਅੱਜ ਖੇਤੀ ਖੇਤਰ, ਸਨਅਤ ਅਤੇ ਸਰਵਿਸ ਸੈਕਟਰ ਕਾਰਪੋਰੇਟ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਸ ਕਾਰਨ ਦੇਸ਼ ਵਿੱਚ ਤੇਜ਼ੀ ਨਾਲ ਮਹਿੰਗਾਈ ਅਤੇ ਬੇਰੁਜ਼ਗਾਰੀ ਵਧ ਰਹੀ ਹੈ ਅਤੇ ਅਮੀਰ ਗਰੀਬ ਦਾ ਪਾੜਾ ਵੱਧ ਰਿਹਾ ਹੈ। 

ਜੇਕਰ ਖੇਤੀ ਸੈਕਟਰ ਨੂੰ ਵਿਸ਼ਵ ਵਪਾਰ ਸੰਸਥਾ ਤੋਂ ਮੁਕਤ ਨਾ ਕਰਵਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਰਾ ਅਨਾਜ ਇਹਨਾਂ ਕਾਰਪੋਰੇਟਾਂ ਦੇ ਹੱਥ ਆ ਜਾਵੇਗਾ ਤੇ ਦੇਸ਼ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਵੇਗਾ। ਅੰਤ ਵਿੱਚ ਆਗੂਆਂ ਨੇ ਸੰਯੁਕਤ ਮੋਰਚੇ ਦੇ ਸੱਦੇ ਤਹਿਤ 14 ਮਾਰਚ ਨੂੰ ਦਿੱਲੀ ਪੰਚਾਇਤ ਵਿੱਚ  ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਦੇਵ ਸਿੰਘ ਦੁਲਟ, ਸਾਹਿਬ ਸਿੰਘ ਤਕੀਪੁਰ, ਹਰਜਿੰਦਰ ਸਿੰਘ ਰੱਤੋਕੇ, ਜੁਝਾਰ ਸਿੰਘ ਬਡਰੁੱਖਾਂ, ਲਖਵਿੰਦਰ ਸਿੰਘ ਉਭਾਵਾਲ ਅਤੇ ਜਸਵੀਰ ਕੌਰ, ਗੁਰਮੇਲ ਕੌਰ ਸਮੇਤ ਵੱਡੀ ਗਿਣਤੀ ਕਿਸਾਨ ਬੀਬੀਆਂ ਅਤੇ ਆਗੂ ਹਾਜ਼ਰ ਸਨ।