5 Dariya News

ਪਿੰਡਾਂ ਦੀ ਆਰਥਿਕ ਤਰੱਕੀ ਲਈ ਨਾਰੀ ਸ਼ਕਤੀ ਨੂੰ ਮਜ਼ਬੂਤ ਕੀਤਾ ਜਾਵੇਗਾ : ਘਨਸ਼ਾਮ ਥੋਰੀ

ਹਰਸ਼ਾਛੀਨਾ ਵਿਖੇ ਚਲਾਏ ਜਾ ਰਹੇ ਨਾਰੀ ਸ਼ਕਤੀ ਕਲਸਟਰ ਦਾ ਕੀਤਾ ਦੌਰਾ

5 Dariya News

ਅੰਮ੍ਰਿਤਸਰ 28-Feb-2024

ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਦੀ ਪਰਮਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਲਾਕ ਹਰਸ਼ਾਛੀਨਾ ਵਿਖੇ ਚਲਾਏ ਜਾ ਰਹੇ ਨਾਰੀ ਸ਼ਕਤੀ ਕਲਸਟਰ ਲੈਵਲ ਸੁਸਾਇਟੀ ਦਾ ਦੌਰਾ ਕਰਨ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਪੇਂਡੂ ਵਿਕਾਸ ਵਿਭਾਗ ਦੀ ਟੀਮ ਵਲੋਂ ਕੀਤੀ ਇਸ ਸਫ਼ਲ ਕੋਸਿ਼ਸ਼ ਲਈ ਵਧਾਈ ਦਿੰਦਿਆਂ ਕਿਹਾ ਕਿ ਜਿਲ੍ਹੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਲਈ ਅਜਿਹੀਆਂ ਕੋਸਿ਼ਸ਼ਾਂ ਬਹੁਤ ਲਾਹੇਵੰਦ ਸਿੱਧ ਹੋ ਸਕਦੀਆਂ ਹਨ।

ਉਨਾਂ ਨੇ ਕਿਹਾ ਕਿ ਨਾਰੀ ਸ਼ਕਤੀ ਨੂੰ ਰੋਜ਼ਗਾਰ ਦੇ ਮੌਕੇ ਦੇਣ ਲਈ ਭਵਿੱਖ ਵਿੱਚ ਅਜਿਹੇ ਸਵੈ ਸੇਵੀ ਗਰੁੱਪ,ਪਿੰਡ ਪੱਧਰ ਦੀਆਂ ਕਮੇਟੀਆਂ ਅਤੇ ਅਜਿਹੇ ਬਲਾਕ ਪੱਧਰੀ ਕਲਸਟਰ ਹੋਰ ਮਜ਼ਬੂਤ ਕੀਤੇ ਜਾਣ।ਉਨਾਂ ਨੇ ਇਸ ਮੌਕੇ ਇਥੇ ਕੰਮ ਕਰ ਰਹੀਆਂ ਔਰਤਾਂ ਵਲੋਂ ਬਣਾਈਆਂ ਜਾ ਰਹੀਆਂ ਸਕੂਲ ਦੀਆਂ ਵਰਦੀਆਂ ਦਾ ਨਿਰੀਖਣ ਕੀਤਾ ਅਤੇ ਕੰਮ ਉਤੇ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਇਸ ਪ੍ਰੋਜੈਕਟ ਦਾ ਹੋਰ ਬਲਾਕਾਂ ਵਿੱਚ ਵੀ ਵਾਧਾ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਜਿਲ੍ਹੇ ਦੇ ਸਾਰੇ ਸਕੂਲੀ ਬੱਚਿਆਂ ਦੀਆਂ ਵਰਦੀਆਂ ਅਜਿਹੇ ਸੈਲਫ ਹੈਲਪ ਗਰੁੱਪਾਂ ਵਲੋਂ ਤਿਆਰ ਕੀਤੀਆਂ ਜਾ ਸਕਣ।

ਉਨਾਂ ਕਿਹਾ ਕਿ ਇਸ ਨਾਲ ਪੇਂਡੂ ਖੇਤਰ ਦੀਆਂ ਔਰਤਾਂ ਆਤਮ ਨਿਰਭਰ ਹੋਣਗੀਆਂ ਅਤੇ ਇਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਘਰੇਲੂ ਔਰਤਾਂ ਜਿਨਾਂ ਕੋਲ ਸਿਲਾਈ ਕਢਾਈ ਦਾ ਹੁਨਰ ਆਮ ਹੈ, ਕੰਮ ਨਾ ਮਿਲਣ ਕਾਰਨ ਉਨਾਂ ਕੋਲ ਕਮਾਈ ਦੇ ਸਾਧਨ ਦੀ ਘਾਟ ਹੈ ਅਤੇ ਜੇਕਰ ਇਹ ਗਰੁੱਪ ਪਿੰਡਾਂ ਵਿੱਚ ਕਾਇਮ ਕਰ ਦਿੱਤੇ ਜਾਣ ਤਾਂ ਅਜਿਹੀਆਂ ਔਰਤਾਂ ਨੂੰ ਰੁਜ਼ਗਾਰ ਆਸਾਨੀ ਨਾਲ ਮਿਲੇਗਾ।

ਦੱਸਣਯੋਗ ਹੈ ਕਿ ਹਰਸ਼ਾਛੀਨਾ ਦੇ ਇਸ ਕਲਸਟਰ ਵਿੱਚ ਸਾਰੇ ਬਲਾਕ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀਆਂ ਕਰੀਬ 10 ਹਜ਼ਾਰ ਵਰਦੀਆਂ ਬਣਾਈਆਂ ਜਾ ਰਹੀਆਂ ਹਨ।ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਸ੍ਰੀ ਗੁਰਦਰਸ਼ਨ ਲਾਲ ਕੁੰਡਲ ਉਪ ਮੁੱਖ ਕਾਰਜਕਾਰੀ ਅਫ਼ਸਰ ਜਿਲ੍ਹਾ ਪ੍ਰੀਸ਼ਦ, ਮਲਕੀਤ ਸਿੰਘ ਬੀ.ਡੀ.ਪੀ.ਓ., ਸ੍ਰੀਮਤੀ ਅਮਿਕਾ ਵਰਮਾ, ਸ੍ਰੀ ਪ੍ਰਭਪ੍ਰੀਤ ਸਿੰਘ ਲੇਖਾਕਾਰ, ਸ੍ਰੀਮਤੀ ਕੰਵਲਜੀਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।