5 Dariya News

ਪੰਜਾਬੀ ਯੂਨੀਵਰਸਿਟੀ ਦੀ 40ਵੀਂ ਕਨਵੋਕੇਸ਼ਨ ਮੌਕੇ ਵਿਦਿਆਰਥੀਆਂ ਨੂੰ ਡਿਗਰੀਆਂ ਤੇ ਮੈਡਲ ਪ੍ਰਦਾਨ

ਸਿੱਖਿਆ ਪ੍ਰਾਪਤੀ ਦਾ ਮੁੱਖ ਮਕਸਦ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ: ਰਾਜਪਾਲ ਬਨਵਾਰੀ ਲਾਲ ਪੁਰੋਹਿਤ

5 Dariya News

ਪਟਿਆਲਾ 28-Feb-2024

‘‘ਸਿੱਖਿਆ ਪ੍ਰਾਪਤੀ ਦਾ ਮੁੱਖ ਮਕਸਦ ਇੱਕ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਹੈ। ਅਜਿਹਾ ਚਰਿੱਤਰ ਜੋ ਇਮਾਨਦਾਰੀ ਅਤੇ ਲਗਨ ਦੇ ਬਲਬੂਤੇ ਆਪਣੀ ਸ਼ਖ਼ਸੀਅਤ ਨੂੰ ਚਮਕਾਵੇ ਅਤੇ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਵੀ ਆਪਣਾ ਭਰਪੂਰ ਪਾਵੇ।’’ ਇਹ ਵਿਚਾਰ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬੀ ਯੂਨੀਵਰਸਿਟੀ ਦੀ 40ਵੀਂ ਕਨਵੋਕੇਸ਼ਨ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰਗਟ ਕੀਤੇ। 

ਉਨ੍ਹਾਂ ਪੀ-ਐੱਚ.ਡੀ. ਡਿਗਰੀਆਂ ਅਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੰਗਾ ਚਰਿੱਤਰ ਹੀ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਵਾ ਸਕਦਾ ਹੈ। ਇਸ ਕਰਕੇ ਉਨ੍ਹਾਂ ਨੂੰ ਇਸ ਦੇ ਨਿਰਮਾਣ ਵਾਸਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੇ ਆਪਣੀ ਸਥਾਪਨਾ ਦੇ ਮੰਤਵ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੇ ਪਾਸਾਰ ਵਿੱਚ ਵਾਧਾ ਕੀਤਾ ਹੈ। 

ਉਨ੍ਹਾਂ ਕਿਹਾ ਕਿ ਅਕਾਦਮਿਕ ਅਤੇ ਚਿੰਤਨ ਪੱਖੋ ਪੰਜਾਬੀ ਯੂਨੀਵਰਸਿਟੀ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੇ ਜੀਵਨ ਅਤੇ ਦਰਸ਼ਨ ਦੇ ਹਵਾਲਿਆਂ ਨਾਲ ਸਾਦੀ ਅਤੇ ਇਮਾਨਦਾਰੀ ਭਰਪੂਰ ਜੀਵਨ ਸ਼ੈਲੀ ਅਪਨਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਹੁਣ ਨਿਰੰਤਰ ਮੰਜ਼ਲਾਂ ਸਰ ਕਰਦੀ ਹੋਈ ਅੱਗੇ ਵੱਲ ਵਧ ਰਹੀ ਹੈ। 

ਉਨ੍ਹਾਂ ਕਿਹਾ ਕਿ ਪਿਛਲੀ ਕਨਵੋਕੇਸ਼ਨ ਛੇ ਸਾਲ ਦੇ ਵਕਫ਼ੇ ਉਪਰੰਤ ਹੋਈ ਸੀ ਪਰ ਹੁਣ ਯੂਨੀਵਰਸਿਟੀ ਨੇ ਬੈਕਲੌਗ ਕੰਮ ਛੱਡਣ ਦੀ ਪਿਰਤ ਨੂੰ ਹੀ ਹੌਲੀ ਹੌਲੀ ਖਤਮ ਕਰ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਦੀਆਂ ਆਰਥਿਕ ਹਾਲਤਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਯੂਨੀਵਰਸਿਟੀ ਦੀ ਗ੍ਰਾਂਟ 9.5 ਕਰੋੜ ਪ੍ਰਤੀ ਮਹੀਨਾ ਤੋਂ ਵਧਾ ਕੇ 30 ਕਰੋੜ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਇਸ ਨਾਲ ਯੂਨੀਵਰਸਿਟੀ ਦੀ ਵਿੱਤੀ ਹਾਲਤ ਸੁਧਾਰ ਹੋਇਆ ਹੈ। 

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਵਿੱਚ ਯੂਨੀਵਰਸਿਟੀ ਨੂੰ ਨੈਕ ਏ ਪਲੱਸ ਗਰੇਡ ਹਾਸਿਲ ਹੋਣ ਉਪਰੰਤ ਯੂਨੀਵਰਸਿਟੀ ਨੂੰ ‘ਪੀ. ਐੱਮ. ਊਸ਼ਾ’ ਅਭਿਆਨ ਹੇਠ ਵੀਹ ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ। ਇਹ ਗ੍ਰਾਂਟ ਹਾਸਲ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਸੂਬੇ ਦੀ ਇਕਲੌਤੀ ਯੂਨੀਵਰਸਿਟੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਯੂਨੀਵਰਸਿਟੀ ਦਾਖਲਿਆਂ ਵਿੱਚ ਵੀ ਵਾਧਾ ਹੋਇਆ ਹੈ ਜਿਸ ਕਰਕੇ ਇੰਜਨੀਅਰਿੰਗ ਖੇਤਰ ਦੇ ਕੁੱਝ ਕੋਰਸਾਂ ਵਿੱਚ ਸੀਟਾਂ ਦੀ ਗਿਣਤੀ ਵਿੱਚ ਵਾਧਾ ਵੀ ਕਰਨਾ ਪਿਆ ਹੈ। 

ਬਹੁ-ਅਨੁਸ਼ਾਸਨੀ ਪਹੁੰਚ ਵਾਲੇ ਪੰਜ ਸਾਲਾ ਕੋਰਸਾਂ ਬਾਰੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇਸ਼ ਵਿੱਚ ਇਕਲੌਤੀ ਯੂਨੀਵਰਸਿਟੀ ਹੈ ਜੋ ਇਨ੍ਹਾਂ ਵਿਲੱਖਣ ਕੋਰਸਾਂ ਨੂੰ ਏਨੇ ਵੱਡੇ ਪੱਧਰ ਉੱਤੇ ਚਲਾ ਰਹੀ ਹੈ। ਇਨ੍ਹਾਂ ਕੋਰਸਾਂ ਦਾ ਪਹਿਲਾ ਗਰੈਜੂਏਟ ਬੈਚ ਇਸ ਵਾਰ ਨਿੱਕਲੇਗਾ ਜਿਸ ਤੋਂ ਚੰਗੀਆਂ ਉਮੀਦਾਂ ਹਨ।

ਕਾਨਵੋਕੇਸ਼ਨ ਦੌਰਾਨ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਅੱਖਾਂ ਦੇ ਮਾਹਿਰ ਡਾਕਟਰ ਪਦਮਸ਼੍ਰੀ ਪ੍ਰੋ. ਅਮੋਦ ਗੁਪਤਾ ਅਤੇ ਉੱਘੇ ਸਮਾਜ ਸੇਵੀ ਪਦਮਸ਼੍ਰੀ ਵਿਕਰਮਜੀਤ ਸਾਹਨੀ ਨੂੰ ਡੀ-ਲਿਟ ਦੀ ਆਨਰੇਰੀ ਡਿਗਰੀ ਨਾਲ਼ ਸਨਮਾਨਿਤ ਕੀਤਾ। ਭੌਤਿਕ ਵਿਗਿਆਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਵਿਜੇਤਾ ਪ੍ਰੋ. ਸੈਮੁਅਲ ਸੀ. ਸੀ. ਟਿੰਗ ਅਤੇ ਪੰਜਾਬੀ ਸਾਹਿਤ ਜਗਤ ਦੇ ਪ੍ਰੋ. ਜੇ. ਪੀ. ਐੱਸ ਉਬਰਾਏ ਨੂੰ ਡੀ-ਲਿਟ ਦੀ ਆਨਰੇਰੀ ਡਿਗਰੀ ਬਾਅਦ ਵਿੱਚ ਪਹੁੰਚਦੀ ਕੀਤੀ ਜਾਣੀ ਹੈ। 

ਅਕਾਦਮਿਕ ਖੇਤਰ ਦਾ ਚਾਂਸਲਰ ਮੈਡਲ ਬਿੰਦਿਆ ਗਰਗ ਨੂੰ ਅਤੇ ਖੇਡ ਖੇਤਰ ਦਾ ਚਾਂਸਲਰ ਮੈਡਲ ਵਿਸ਼ਵਜੀਤ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਇਸ ਉਪਰੰਤ 492 ਖੋਜਾਰਥੀਆਂ ਨੂੰ ਪੀਐੱਚ.ਡੀ. ਦੀ ਡਿਗਰੀ ਪ੍ਰਦਾਨ ਕੀਤੀ ਗਈ ਅਤੇ ਮੈਰਿਟ ਵਿੱਚ ਆਉਣ ਵਾਲੇ 143 ਪੋਸਟ ਗਰੈਜੂਏਟਾਂ ਅਤੇ ਗਰੈਜੂਏਟਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ 10 ਡੋਨੇਟਡ ਮੈਡਲ ਵੀ ਪ੍ਰਦਾਨ ਕੀਤੇ ਗਏ।

ਕਨਵੋਕੇਸ਼ਨ ਦੀ ਰਵਾਇਤ ਅਨੁਸਾਰ ਇਸ ਮੌਕੇ ਵੱਡੀ ਗਿਣਤੀ ਵਿੱਚ ਸਿੰਡੀਕੇਟ ਅਤੇ ਸੈਨੇਟ ਮੈਂਬਰ ਵੀ ਮੰਚ ਉੱਤੇ ਹਾਜ਼ਰ ਰਹੇ। ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਤਿਵਾੜੀ, ਰਜਿਸਟਰਾਰ ਨਵਜੋਤ ਕੌਰ, ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਵਿਸ਼ਾਲ ਗੋਇਲ, ਡੀਨ ਖੋਜ ਡਾ. ਮਨਜੀਤ ਪਾਤਰ, ਵੱਖ-ਵੱਖ ਫੈਕਲਟੀਆਂ ਦੇ ਡੀਨ ਅਤੇ ਸਮੂਹ ਅਧਿਕਾਰੀ ਇਸ ਮੌਕੇ ਹਾਜ਼ਰ ਰਹੇ।