5 Dariya News

ਸਰਵਣ ਸਿੰਘ ਪੰਧੇਰ ਵੱਲੋਂ ਬੇਬੁਨਿਆਦ ਦੂਸ਼ਣਬਾਜ਼ੀ ਵਿਰੁੱਧ ਭਾਕਿਯੂ ਏਕਤਾ-ਉਗਰਾਹਾਂ ਵੱਲੋਂ ਸਪਸ਼ਟੀਕਰਨ

ਪੰਧੇਰ ਦਾ ਮਕਸਦ ਇਕੱਲੇ 2 ਆਗੂਆਂ ਨੂੰ ਮਿਲ ਕੇ ਸਥਾਪਤ ਸੰਯੁਕਤ ਕਿਸਾਨ ਮੋਰਚੇ ਵਿੱਚ ਫੁੱਟ ਪਾਉਣ ਦਾ ਸੀ

5 Dariya News

ਸੰਗਰੂਰ 28-Feb-2024

ਅੱਜ ਇੱਥੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੌਮੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਮੋਰਚੇ ਦੀਆਂ ਲਟਕਦੀਆਂ ਮੰਗਾਂ 'ਤੇ ਇੱਕਜੁੱਟ ਤਾਲਮੇਲਵੇਂ ਸ਼ੰਘਰਸ਼ ਦੀ ਤਜਵੀਜ਼ ਲੈ ਕੇ ਸੰਯੁਕਤ ਕਿਸਾਨ ਮੋਰਚਾ (ਗੈਰਰਾਜਨੀਤਕ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਤਾਲਮੇਲ ਲਈ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। 

ਇਸ ਕਮੇਟੀ ਵੱਲੋਂ ਸਰਵਣ ਸਿੰਘ ਪੰਧੇਰ, ਸਤਨਾਮ ਸਿੰਘ ਸਾਹਨੀ ਤੇ ਮਾਂਗਟ ਯੂ. ਪੀ. ਕਾਕਾ ਸਿੰਘ ਕੋਟੜਾ ਅਤੇ ਸੁਰਜੀਤ ਸਿੰਘ ਫੂਲ ਤੇ ਸੁਖਵਿੰਦਰ ਕੌਰ ਨੂੰ ਮਿਲਣ ਵੇਲੇ ਤਾਲਮੇਲਵੇਂ ਸ਼ੰਘਰਸ਼ ਦੀ ਇਸ ਤਜਵੀਜ਼ 'ਤੇ ਹਾਂ ਪੱਖੀ ਹੁੰਗਾਰਾ ਭਰਿਆ ਗਿਆ ਸੀ, ਪ੍ਰੰਤੂ ਇਸ ਦੀ ਬਜਾਏ ਸ਼੍ਰੀ ਪੰਧੇਰ ਸ਼੍ਰੀ ਫੂਲ ਤੇ ਸਤਨਾਮ ਸਿੰਘ ਬਹਿਰੂ ਅਤੇ ਮਨਜੀਤ ਰਾਏ ਵੱਲੋਂ 27 ਫਰਵਰੀ ਨੂੰ ਸਾਂਝੀ ਪ੍ਰੈੱਸ ਕਾਨਫਰੰਸ ਰਾਹੀਂ ਸਾਡੀ ਜਥੇਬੰਦੀ ਸਮੇਤ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਿਰੁੱਧ ਬੇਬੁਨਿਆਦ ਭੰਡੀ ਪ੍ਰਚਾਰ ਵਿੱਢ ਦਿੱਤਾ ਗਿਆ। 

ਬੇਸ਼ੱਕ ਸਾਡੇ ਸੂਬਾਈ ਆਗੂਆਂ ਨੂੰ ਪੰਧੇਰ ਜਾਂ ਫੂਲ ਦੁਆਰਾ ਤਿੰਨ ਵਾਰ ਮਿਲਣ ਦੀ ਗੱਲ ਦਰੁਸਤ ਹੈ, ਪ੍ਰੰਤੂ ਸਾਡੇ ਵੱਲੋਂ ਹਰ ਵਾਰ ਮੰਗਾਂ ਉੱਤੇ ਸਹਿਮਤੀ ਜ਼ਾਹਰ ਕਰਦਿਆਂ ਤਾਲਮੇਲਵੇਂ ਸ਼ੰਘਰਸ਼ ਲਈ ਸੰਯੁਕਤ ਕਿਸਾਨ ਮੋਰਚੇ ਦੀ ਪੂਰੀ ਟੀਮ ਨਾਲ਼ ਤਾਲਮੇਲ ਕਰਨ ਦਾ ਸੁਝਾਅ ਨਹੀਂੰ ਮੰਨਿਆ ਗਿਆ। ਇਸ ਤੋਂ ਉਲਟ ਜ਼ੋਰ ਪਾਇਆ ਗਿਆ ਕਿ ਤੁਹਡੀ ਜਥੇਬੰਦੀ ਸਾਡੇ ਸੰਯੁਕਤ ਮੋਰਚੇ ਵਿੱਚ ਸ਼ਾਮਲ ਹੋ ਜਾਵੇ, ਜੋ ਕਿਸੇ ਵੀ ਹਾਲਤ ਵਿੱਚ ਮੰਨਣਯੋਗ ਨਹੀਂ, ਕਿਉਂਕਿ ਇਸ ਦਾ ਮਤਲਬ ਸ਼ਾਨਦਾਰ ਜੇਤੂ ਦਿੱਲੀ ਘੋਲ਼ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਵਿੱਚ ਫੁੱਟ ਪਾਉਣਾ ਸੀ। 

ਇਸ ਮਕਸਦ ਦੀ ਪੁਸ਼ਟੀ ਸਾਡੀ ਮਿਲਣੀ ਮੌਕੇ ਸ੍ਰੀ ਪੰਧੇਰ ਵੱਲੋਂ ਇਹ ਕਹਿ ਕੇ ਕੀਤੀ ਗਈ ਕਿ ਜੇਕਰ ਤੁਸੀਂ ਸਾਡੇ ਨਾਲ ਆ ਜਾਓ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਤਾਂ ਰੋਲ਼ ਦਿਆਂਗੇ। ਬੇਸ਼ੱਕ ਉਨ੍ਹਾਂ ਵੱਲੋਂ ਇਸ ਦੂਸ਼ਣਬਾਜ਼ੀ ਵਾਲੀ ਪ੍ਰੈੱਸ ਕਾਨਫਰੰਸ ਰਾਹੀਂ ਸਮੂਹ ਕਿਸਾਨ ਜਥੇਬੰਦੀਆਂ ਦੇ ਸਾਂਝੇ ਤਾਲਮੇਲਵੇਂ ਸ਼ੰਘਰਸ਼ ਦੀ ਸਥਾਪਤੀ ਦੇ ਅਮਲ ਵਿੱਚ ਵਿਘਨ ਪਾਉਣ ਦਾ ਯਤਨ ਕੀਤਾ ਗਿਆ ਹੈ ਪ੍ਰੰਤੂ ਸਾਡੇ ਵੱਲੋਂ ਇਸ ਅਮਲ ਨੂੰ ਸਿਰੇ ਚਾੜ੍ਹਨ ਲਈ ਗੰਭੀਰ ਯਤਨ ਲਗਾਤਾਰ ਜਾਰੀ ਰੱਖੇ ਜਾਣਗੇ।