5 Dariya News

ਐੱਸਕੇਐੱਮ ਦੇ ਲਗਾਤਾਰ ਪ੍ਰੋਗਰਾਮਾਂ ਨੇ ਕਿਸਾਨੀ 'ਚ ਭਰਿਆ ਨਵਾਂ ਜੋਸ਼: ਬੁਰਜਗਿੱਲ/ਜਗਮੋਹਨ ਸਿੰਘ

5 Dariya News

ਚੰਡੀਗੜ੍ਹ 27-Feb-2024

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਸਮੂਹ ਸੂਬਾ ਕਮੇਟੀ ਨੇ ਪੰਜਾਬ ਦੇ ਕਿਸਾਨਾਂ ਦੀ ਫਰਵਰੀ ਮਹੀਨੇ ਦੇ ਸੰਯੁਕਤ ਮੋਰਚੇ ਦੇ ਪ੍ਰੋਗਰਾਮਾਂ ਵਿੱਚ ਹੋਈ ਵੱਡੀ ਸ਼ਮੂਲੀਅਤ ਤੇ ਧੰਨਵਾਦ ਕਰਦਿਆਂ ਕਿਹਾ ਕਿ ਲਗਾਤਾਰ ਸਵਾ ਸਾਲ ਤੋਂ ਉੱਪਰ ਦਿੱਲ੍ਹੀ ਦੀਆਂ ਬਰੂਹਾਂ ਤੇ ਚੱਲੇ ਕਿਸਾਨੀ ਅੰਦੋਲਨ ਦੇ ਸੱਸਪੈਂਡ ਕਰਨ ਸਮੇਂ ਰਹਿੰਦੀਆਂ ਬਾਕੀ ਕਿਸਾਨੀ ਮੰਗਾਂ ਤੇ ਕੇਂਦਰ ਸਰਕਾਰ ਨੇ ਲਿਖਤੀ ਸਮਝੌਤਾ ਕੀਤਾ ਸੀ ਪਰ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਮੰਗਾਂ ਤੋਂ ਮੁਨਕਰ ਹੁੰਦੀ ਆ ਰਹੀ ਹੈ। 

ਇਸੇ ਕਾਰਨ ਸੰਯੁਕਤ ਮੋਰਚੇ ਨੇ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਵੇਖ ਵੋਟ ਕੀ ਚੋਟ ਦੇ ਨਾਅਰੇ ਨੂੰ ਅੱਗੇ ਵਧਾਉਂਦੇ ਹੋਏ ਅਤੇ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਕਿਸਾਨਾਂ ਨਾਲ ਕੀਤੇ ਜਾ ਰਹੇ ਮਾੜੇ ਵਤੀਰੇ ਦੇ ਰੋਸ਼ ਵੱਜੋਂ ਫਰਵਰੀ ਮਹੀਨੇ ਦੇ ਲੜੀਵਾਰ ਰੋਸ਼ ਪ੍ਰਦਰਸ਼ਨ ਉਲੀਕੇ ਸਨ ਜਿਸਦੀ ਲੜੀ ਤਹਿਤ 26 ਫਰਵਰੀ ਦਾ ਟਰੈਕਟਰ ਮਾਰਚ ਰੱਖਿਆ ਗਿਆ ਸੀ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਝਾਰੂ ਆਗੂਆਂ ਤੇ ਕਿਸਾਨਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਤੇ ਪ੍ਰੋਗਰਾਮਾਂ ਨੂੰ ਸਫਲ ਬਣਾਇਆ।

ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਲੜੀਵਾਰ ਰੋਸ਼ ਪ੍ਰਦਰਸ਼ਨ ਵਿੱਚ 15 ਜ਼ਿਲ੍ਹਿਆਂ ਵਿੱਚ 16 ਦੇ ਭਾਰਤ ਬੰਦ ਵਿੱਚ ਜੱਥੇਬੰਦੀ ਦੇ ਕੇਡਰ ਨੇ ਪੂਰੇ ਪੰਜਾਬ ਵਿੱਚ 50 ਥਾਵਾਂ ਤੇ ਭਾਗ ਲਿਆ ਇਸੇ ਤਰ੍ਹਾਂ ਹੀ 20, 21 ਅਤੇ 22 ਫਰਵਰੀ ਦੇ ਟੋਲ ਪਲਾਜ਼ੇ ਰੋਕਣੇ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਦੇ ਪ੍ਰੋਗਰਾਮਾਂ ਵਿੱਚ ਪੂਰੇ ਪੰਜਾਬ ਭਰ ਵਿੱਚ ਜੱਥੇਬੰਦੀ ਨੇ 22 ਥਾਵਾਂ ਤੇ ਭਾਗ ਲਿਆ। ਇਨ-ਬਿਨ ਇਸੇ ਤਰ੍ਹਾਂ ਵਿਸ਼ਵ ਵਪਾਰ ਸੰਸਥਾ ਨੂੰ ਛੱਡਣ ਤੇ ਇਸਦੇ ਵਿਰੋਧ ਵਿੱਚ ਕਿਤੇ ਟਰੈਕਟਰ ਮਾਰਚ ਅਤੇ ਪੁਤਲੇ ਸਾੜਨ ਵਿੱਚ ਪੰਜਾਬ ਭਰ ਵਿੱਚ 50 ਥਾਵਾਂ ਤੇ ਭਾਗ ਲਿਆ ਗਿਆ। 

ਇਹਨਾਂ ਪ੍ਰੋਗਰਾਮਾਂ ਤੇ ਸੰਤੁਸ਼ਟੀ ਜਾਹਰ ਕਰਦਿਆਂ ਸੂਬਾ ਕਮੇਟੀ ਨੇ ਅਗਲੀ ਮਹੀਨਾਵਾਰ ਮੀਟਿੰਗ ਵਿੱਚ 14 ਮਾਰਚ ਦੀ ਸੰਯੁਕਤ ਮੋਰਚਾ ਵੱਲੋਂ ਦਿੱਲ੍ਹੀ ਵਿੱਖੇ ਰੱਖੀ ਮਹਾਂ ਪੰਚਾਇਤ ਸਬੰਧੀ ਵਿਉਤਬੰਦੀ ਉਲੀਕਣ ਦੀ ਗੱਲ ਆਖੀ। ਸੂਬਾ ਕਮੇਟੀ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਹਰਿਆਣਾ ਦੇ ਬਾਰਡਰ ਤੇ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜਗਮੋਹਨ ਸਿੰਘ ਪਟਿਆਲਾ ਤੇ ਗੁਰਮੀਤ ਸਿੰਘ ਭੱਟੀਵਾਲ ਦੀ ਅਗਵਾਈ ਹੇਠ ਸੰਗਰੂਰ ਪਟਿਆਲਾ ਜ਼ਿਲ੍ਹਿਆਂ ਤੋਂ ਭਾਕਿਯੂ ਡਕੌਂਦਾ ਦੇ ਸੈਕੜੇ ਕਿਸਾਨ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਹੋਏ ਹਨ।  ਇਸ ਸਮੇਂ ਸੂਬਾ ਖ਼ਜਾਨਚੀ ਰਾਮ ਸਿੰਘ ਮਟੋਰੜਾ, ਸੂਬਾ ਪ੍ਰੈੱਸ ਸਕੱਤਰ ਇੰਦਰ ਪਾਲ ਸਿੰਘ ਆਦਿ ਆਗੂ ਹਾਜ਼ਰ ਸਨ।