5 Dariya News

18 ਸਾਲ ਤੋ ਘੱਟ ਉਮਰ ਦੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ

5 Dariya News

ਨਵਾਂਸ਼ਹਿਰ 27-Feb-2024

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੇਸਹਾਰਾ, ਲੋੜਬੰਦ ਅਤੇ ਕਾਨੂੰਨੀ ਵਿਵਾਦ ਵਿੱਚ ਸ਼ਾਮਲ ਬੱਚਿਆ ਦੀ ਸੁਰੱਖਿਆ ਸਬੰਧੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ(ਆਈ.ਏ.ਐਸ) ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਮੀਟਿੰਗ ਕਰਵਾਈ ਗਈ। ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਜੀ ਵੱਲੋਂ ਬਾਲ ਸੁਰੱਖਿਆ ਕਮੇਟੀ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ 18 ਸਾਲ ਤੋ ਘੱਟ ਉਮਰ ਦੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। 

ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਹਦਾਇਤ ਕੀਤੀ ਗਈ ਕਿ ਬਾਲ ਵਿਆਹ ਦਾ ਸ਼ਿਕਾਰ ਹੋਏ ਬੱਚਿਆ ਦੀ ਸੁਰੱਖਿਆ ਲਈ ਸਾਰੇ ਵਿਭਾਗ ਸਾਝੇ ਤੋਰ ਤੇ ਯਤਨ ਕਰਨ ਅਤੇ ਬਾਲ ਸੁਰੱਖਿਆ ਯੂਨਿਟ ਸਬੰਧੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਸਲੱਮ ਏਰੀਆਜ ਅਤੇ ਸਕੂਲਾਂ/ਕਾਲਜਾ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਕੈਪ ਲਗਾਏ ਜਾਣ। ਇਸ ਦੇ ਨਾਲ ਹੀ ਚਾਈਲਡ ਹੈਲਪ ਲਾਈਨ ਨੰ. 1098 ਸਬੰਧੀ ਵੀ ਆਮ ਲੋਕਾਂ ਨੂੰ ਦੱਸਿਆ ਜਾਵੇ ਤਾਂ ਜੋ ਪਬਲਿਕ ਵੱਲੋਂ ਲੋੜ ਪੈਣ ਤੇ  ਚਾਈਲਡ ਹੈਲਪ ਲਾਈਨ ਦੀ ਵਰਤੋ ਕੀਤੀ ਜਾ ਸਕੇ।

ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਨੂੰ ਹਦਾਇਤ ਕੀਤੀ ਗਈ ਕਿ ਸਕੂਲੀ ਬੱਸਾਂ ਵਿੱਚ ਸਫਰ ਕਰਨ ਵਾਲੇ ਬੱਚਿਆ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੇਫ ਸਕੂਲ ਵਾਹਨ ਪੋਲਿਸੀ ਅਧੀਨ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਸਕੂਲ ਪ੍ਰਬੰਧਕਾਂ ਨੂੰ ਸਕੂਲੀ ਵਾਹਨਾਂ ਲਈ ਦਿੱਤੀਆ ਗਈਆ ਸ਼ਰਤਾਂ ਨੂੰ ਲਾਗੂ ਕਰਨ ਲਈ ਪਾਬੰਧ ਕੀਤਾ ਜਾਵੇ। ਮੀਟਿੰਗ ਦੋਰਾਨ ਹਾਜ਼ਰ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਨੇ ਕਿਹਾ ਕਿ ਬੱਚਿਆਂ ਨਾਲ ਸਬੰਧਿਤ ਕਿਸੀ ਵੀ ਤਰ੍ਹਾ ਦੇ ਸ਼ੋਸ਼ਣ ਹੋਣ ਤੇ ਜਾਂ ਕਿਸੀ ਵੀ ਬੇਸਹਾਰਾ ਲੋੜਵੰਦ ਬੱਚੇ ਦੀ ਮਦਦ ਲਈ ਉਨ੍ਹਾਂ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਮਰਾ ਨੰ. 413 ਅਤੇ ਫੋਨ ਨੰ. 01823-222322 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਮੀਟਿੰਗ ਦੌਰਾਨ ਮਨਜਿੰਦਰ ਸਿੰਘ, ਜਿਲ੍ਹਾ ਪ੍ਰੋਗਰਾਮ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ,  ਡਾ. ਮਨਦੀਪ ਕਮਲ, ਦਫਤਰ, ਸਿਵਲ ਸਰਜਨ, ਨੀਤੂ ਧਵਨ, ਲੇਬਰ ਵਿਭਾਗ, ਅਸ਼ਮਿਤਾ ਪਰਮਾਰ, ਡੀ.ਡੀ,ਐਫ, ਵੰਦਨਾ ਚੌਹਾਣ, ਜਿਲ੍ਹਾ ਖੇਡ ਵਿਭਾਗ, ਗੁਰਿੰਦਰ ਸਿੰਘ, ਡੀ.ਡੀ.ਪੀ.ਓ. ਦਫਤਰ, ਦੇਸ ਰਾਜ, ਸਿੱਖਿਆ ਵਿਭਾਗ, ਤਰਨਜੀਤ ਸਿੰਘ, ਡੀ.ਟੀ.ਪੀ. ਸਿਮਰਨ ਢੀਡੰਸਾ, ਨਗਰ ਨਿਗਮ ਵਿਭਾਗ, ਚੰਦ ਸਿੰਘ, ਜਿਲ੍ਹਾ ਕਾਨੂੰਨੀ ਸੇਵਾ ਅਥਾਰਟੀ, ਸੋਨੀਆ, ਚੇਅਰਪਰਸਨ ਬਾਲ ਭਲਾਈ ਕਮੇਟੀ,ਅਤੇ ਦਫਤਰੀ ਸਟਾਫ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸ਼ਹੀਦ ਭਗਤ ਸਿੰਘ ਨਗਰ ਮੋਜੂਦ ਸਨ।