5 Dariya News

ਆਪ ਦੀ ਸਰਕਾਰ ਆਪ ਦੇ ਦੁਆਰ : ਕੈਂਪਾਂ ਵਿੱਚ ਪ੍ਰਾਪਤ ਹੋਈਆਂ ਸਿ਼ਕਾਇਤਾਂ ਦਾ ਸਮੇਂ ਸਿਰ ਕੀਤਾ ਜਾਵੇ ਨਿਪਟਾਰਾ - ਵਿਧਾਇਕ ਟੌਂਗ

ਪਿੰਡ ਟੌਂਗ ਵਿਖੇ ਲਗਾਏ ਗਏ ਕੈਂਪ ਦਾ ਕੀਤਾ ਨਿਰੀਖਣ, ਲੋਕ 1076 ਨੰਬਰ ਤੇ ਡਾਇਲ ਕਰਕੇ ਘਰ ਬੈਠੇ ਸੇਵਾਵਾਂ ਕਰ ਸਕਦੇ ਹਨ ਹਾਸਿਲ

5 Dariya News

ਅੰਮਿ੍ਰਤਸਰ 20-Feb-2024

ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਦੇ ਨਜ਼ਦੀਕ ਹੀ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਹਰੇਕ ਪਿੰਡ ਵਿੱਚ ਕੈਂਪ ਲਗਾ ਰਹੀ  ਹੈ ਅਤੇ ਹੇਠਲੇ ਪੱਧਰ ਦੇ ਲੋਕਾਂ ਤੱਕ ਸਾਰੀਆਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਮਾਰਨੇ ਪੈਣ।

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਬਕਾਲਾ ਹਲਕੇ ਦੇ ਵਿਧਾਇਕ ਸ: ਦਲਬੀਰ ਸਿੰਘ ਟੌਂਗ ਨੇ ਅੱਜ ‘ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡ ਟੌਂਗ ਵਿਖੇ ਲਗਾਏ ਗਏ ਕੈਂਪ ਦਾ ਨਿਰੀਖਣ ਕਰਨ ਉਪਰੰਤ ਕੀਤਾ। ਉਨਾਂ ਕਿਹਾ ਕਿ ਇਨਾਂ ਕੈਂਪਾਂ ਵਿੱਚ ਲੋਕਾਂ ਨੂੰ 43 ਤਰ੍ਹਾਂ ਦੀਆਂ ਸੇਵਾਵਾਂ ਮੌਕੇ ਤੇ ਹੀ ਮੁਹੱਈਆ ਕਰਵਾਈਆਂ ਜਾ  ਰਹੀਆਂ ਹਨ ਅਤੇ ਮੌਕੇ ਤੇ ਹੀ ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ, ਹਲਫੀਆ ਬਿਆਨ ਤਸਦੀਕ ਕਰਨੇ, ਬਾਰਡਰ ਏਰੀਏ ਸਬੰਧੀ ਸਰਟੀਫਿਕੇਟ, ਬੈਕਵਰਡ ਏਰੀਆ ਸਰਟੀਫਿਕੇਟ, ਜ਼ਮੀਨ ਦੀ ਹੱਦਬੰਦੀ, ਐਨ.ਆਰ.ਆਈ. ਦੇ ਦਸਤਾਵੇਜ਼ਾਂ ਦੇ ਕਾਊਂਟਰ ਸਾਈਨ ਵਰਗੀਆਂ ਅਹਿਮ ਸੇਵਾਵਾਂ ਮੌਕੇ ਤੇ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਨਾਂ ਕਿਹਾ ਕਿ ਇਨਾਂ ਕੈਂਪਾਂ ਦਾ ਮੁੱਖ ਉਦੇਸ਼ ਲੋਕਾ ਦੇ ਸਮੇਂ ਅਤੇ ਪੈਸੇ ਦੀ ਬਚਤ ਕਰਨਾ ਹੈ। ਉਨਾਂ ਦੱਸਿਆ ਕਿ ਕਈ ਗਰੀਬ ਪਰਿਵਾਰ ਇਨਾਂ ਸਹੂਲਤਾਂ ਨੂੰ ਲੈਣ ਲਈ ਸੇਵਾ ਕੇਂਦਰਾਂ ਤੱਕ ਪਹੁੰਚ ਹੀ ਨਹੀਂ ਸਕਦੇ ਸਨ। ਉਨਾਂ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਇਹ ਸਾਰੀਆਂ ਸੇਵਾਵਾਂ ਘਰ ਦੇ ਬੂਹੇ ਤੱਕ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਰੋਜ਼ਾਨਾ ਹਰੇਕ ਸਬ ਡਵੀਜ਼ਨ ਵਿੱਚ ਵੱਖ-ਵੱਖ ਥਾਵਾਂ ਤੇ ਕੈਂਪ ਲਗ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਇਨਾਂ ਕੈਂਪਾਂ ਦਾ ਫਾਇਦਾ ਉਠਾ ਰਹੇ ਹਨ।  

ਉਨਾਂ ਦੱਸਿਆ ਕਿ ਇਸ ਸਾਰੀਆਂ ਸੇਵਾਵਾਂ ਡੋਰ ਟੂ ਡੋਰ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਲੋਕ 1076 ਨੰਬਰ ਤੇ ਡਾਇਲ ਕਰਕੇ ਘਰ ਬੈਠੇ ਹੀ ਇਹ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।ਵਿਧਾਇਕ ਟੌਂਗ ਨੇ ਅਧਿਕਾਰੀਆਂ ਨੂੰ ਕਿਹਾ ਕਿ ਕੈਂਪ ਵਿੱਚ ਆਉਣ ਵਾਲੀਆਂ ਸਿ਼ਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।

ਉਨਾਂ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨਾਂ ਕੈਂਪ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਫਾਇਦਾ ਉਠਾਉਣ।