5 Dariya News

ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ - ਕੁਲਤਾਰ ਸਿੰਘ ਸੰਧਵਾਂ

ਕਿਹਾ, ਭਗਵੰਤ ਮਾਨ ਸਰਕਾਰ ਨੇ 2 ਸਾਲ ਤੋਂ ਘੱਟ ਦੇ ਕਾਰਜਕਾਲ ਦੌਰਾਨ ਕਈ ਲੋਕ ਹਿੱਤ ਵਿੱਚ ਇਤਿਹਾਸਕ ਫੈਸਲੇ ਲਏ

5 Dariya News

ਫ਼ਿਰੋਜ਼ਪੁਰ 12-Feb-2024

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੰਤਵ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਾਡੇ ਸੱਭਿਆਚਾਰ, ਮੇਲਿਆਂ, ਇਤਿਹਾਸਕ ਸਥਾਨਾਂ ਨੂੰ ਮੁੜ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਫੁੱਲਿਤ ਕਰਨ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ ਅਤੇ ਆਪਣੇ 2 ਸਾਲ ਤੋਂ ਵੀ ਘੱਟ ਦੇ ਕਾਰਜਕਾਲ ਦੌਰਾਨ ਇਸ ਲਈ ਲਗਾਤਾਰ ਇਤਿਹਾਸਕ ਫੈਸਲੇ ਲਏ ਜਾ ਰਹੇ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਫ਼ਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ 2 ਦਿਨਾਂ ਰਾਜ ਪੱਧਰੀ ਬਸੰਤ ਪੰਚਮੀ ਮੇਲੇ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਲੋਕ ਪੱਖੀ ਫੈਸਲਿਆਂ ਨਾਲ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ, ਬੱਚਿਆਂ ਤੇ ਨੌਜਵਾਨਾਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ 2 ਸਾਲ ਤੋਂ ਵੀ ਘੱਟ ਸਮੇਂ ਦੇ ਕਾਰਜਕਾਲ ਦੌਰਾਨ ਅਨੇਕਾਂ ਲੋਕ-ਪੱਖੀ ਪਹਿਲਕਦਮੀਆਂ ਕੀਤੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਅੱਜ ਪੰਜਾਬ ਬਿਜਲੀ, ਖੇਤੀਬਾੜੀ, ਸਿੱਖਿਆ, ਲਾਅ ਐਂਡ ਆਡਰ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਪੰਚਾਇਤੀ ਜ਼ਮੀਨਾਂ 'ਤੋਂ ਨਾਜਾਇਜ਼ ਕਬਜੇ ਛੁਡਾਉਣ, ਸਿਹਤ, ਨਿਵੇਸ਼ ਪੱਖੀ ਮਾਹੌਲ ਸਿਰਜਣ ਅਤੇ ਉਦਯੋਗ ਦੇ ਖੇਤਰ ਵਿੱਚ ਨਾਮਣਾ ਖੱਟ ਰਿਹਾ ਹੈ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵੱਡਾ ਵਾਅਦਾ ਪੂਰਾ ਕਰਦਿਆਂ 40,000 ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। 

ਲੋਕਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਉਣ ਦਾ ਆਪਣਾ ਵੱਡਾ ਵਾਅਦਾ ਪੂਰਾ ਕਰਦਿਆਂ ਪਹਿਲੀ ਜੁਲਾਈ 2022 ਤੋਂ ਹਰੇਕ ਵਰਗ ਨੂੰ 600 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। 90 ਫੀਸਦੀ ਖਪਤਕਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਕਿਸਾਨਾਂ ਨੂੰ ਮੁਫਤ ਤੇ ਪੂਰੀ ਬਿਜਲੀ ਨਿਰੰਤਰ ਦਿੱਤੀ ਜਾ ਰਹੀ ਹੈ। ਸੂਬਾ ਵਾਸੀਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਦੇਸ਼ ਭਰ ਵਿੱਚ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਸੂਬਾ ਵਾਸੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮਿਲ ਰਹੀ ਹੈ। 

ਲੋਕਾਂ ਨੂੰ ਭੈ ਰਹਿਤ ਖੁਸ਼ਹਾਲ ਮਾਹੌਲ ਦੇਣ ਲਈ ਗੈਂਗਸਟਰਾਂ ਨੂੰ ਕਾਬੂ ਕਰਨ ਵਾਸਤੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਜਿਸ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਗੈਂਗਸਟਰ ਕਾਬੂ ਕੀਤੇ ਗਏ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਹੋਰ ਵਧੀਆ ਬਣਾਉਣ ਦੇ ਮਕਸਦ ਨਾਲ 117 'ਸਕੂਲ ਆਫ ਐਮੀਨੈਂਸ' ਸ਼ੁਰੂ ਕੀਤੇ। ਸੂਬੇ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਇਨਵੈਸਟਮੈਂਟ ਸੰਮੇਲਨ ਕਰਵਾਇਆ ਗਿਆ। ’ਆਪ ਦੀ ਸਰਕਾਰ ਆਪ ਦੇ ਦੁਆਰ' ਸਕੀਮ ਤਹਿਤ 44 ਨਾਗਰਿਕ ਕੇਂਦਰਿਤ ਸੇਵਾਵਾਂ ਲਗਾਤਾਰ ਰਾਜ ਭਰ ਦੇ ਵਾਰਡਾਂ ਤੇ ਪਿੰਡਾਂ ਵਿੱਚ ਕੈਂਪਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਦਰਾਂ ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। 

ਸੜਕੀ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਪਹਿਲਾ ਸੂਬਾ ਹੈ ਜਿੱਥੇ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਜਿੱਥੇ ਪੁਲਿਸ ਨੂੰ ਆਧੁਨਿਕ ਵਹੀਕਲ ਪ੍ਰਦਾਨ ਕੀਤੇ ਗਏ ਹਨ।  ਪੰਜਾਬ ਸਰਕਾਰ ਨੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਦੇ ਸਨਮਾਨ ਵਜੋਂ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਣ ਵਾਲਾ ਮਾਣ ਭੱਤਾ ਵਧਾ ਕੇ 1 ਕਰੋੜ ਰੁਪਏ ਕਰ ਦਿੱਤਾ ਹੈ।

ਸੈਰ ਸਪਾਟਾ ਨੂੰ ਪ੍ਰਫੁੱਲਿਤ ਕਰਨ ਲਈ ਐਡਵੈਂਚਰ ਟੂਰਿਜ਼ਮ ਅਤੇ ਪੰਜਾਬ ਵਾਟਰ ਟੂਰਿਜ਼ਮ ਪਾਲਿਸੀ ਲਾਗੂ ਕੀਤੀ ਗਈ। ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਖੇਡਾਂ ਦਾ ਮਾਹੌਲ ਸਿਰਜਣ ਲਈ ਖੇਡਾਂ ਤੇ ਖਿਡਾਰੀਆਂ ਪੱਖੀ ਨਵੀਂ ਖੇਡ ਨੀਤੀ ਬਣਾ ਕੇ ਲਾਗੂ ਕੀਤੀ ਗਈ। ਨਵੀਂ ਖੇਡ ਨੀਤੀ ਦਾ ਨਿਵੇਕਲਾ ਪੱਖ ਇਹ ਹੈ ਕਿ ਖੇਡ ਨਰਸਰੀਆਂ ਸਥਾਪਤ ਕਰਨ ਤੋਂ ਲੈ ਕੇ ਖਿਡਾਰੀਆਂ ਨੂੰ ਤਿਆਰੀ ਲਈ ਨਗਦ ਇਨਾਮ ਰਾਸ਼ੀ ਅਤੇ ਫੇਰ ਤਮਗਾ ਜਿੱਤਣ ਉਤੇ ਇਨਾਮ ਰਾਸ਼ੀ ਅਤੇ ਨੌਕਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ ਦਾ ਨਾਮ ਉੱਘੇ ਅਗਾਂਹਵਧੂ ਕਿਸਾਨਾਂ ਦੀ ਸੂਚੀ ਵਿੱਚ ਦਰਜ ਹੋ ਚੁੱਕਾ ਹੈ ਕਿਉਂਕੀ ਇੱਥੋਂ ਦੇ ਕਿਸਾਨਾਂ ਨੇ ਫਸਲੀ ਵਿਭਿੰਨਤਾ ਦੀ ਮਿਸਾਲ ਕਾਇਮ ਕੀਤੀ ਹੈ। ਇੱਥੋਂ ਦੇ ਕਿਸਾਨ ਮਿਰਚ, ਬੇਰੀ ਅਤੇ ਸਟ੍ਰਾਅਬੈਰੀ ਦੀ ਖੇਤੀ ਵਿੱਚ ਨਾਮਣਾ ਖੱਟ ਰਹੇ ਹਨ। ਉਨ੍ਹਾਂ ਦੀ ਫ਼ਸਲ ਵਿਦੇਸ਼ ਵਿੱਚ ਬਰਾਮਦ ਕੀਤੀ ਜਾਂਦੀ ਹੈ ਜੋ ਕਿ ਦੇਸ਼ ਭਰ ਦੇ ਹੋਰਨਾਂ ਕਿਸਾਨਾਂ ਲਈ ਵੀ ਮਿਸਾਲ ਬਣ ਚੁੱਕੇ ਹਨ।

ਇਸ ਮੌਕੇ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ, ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਭੁੱਲਰ ਅਤੇ ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸ਼੍ਰੀ ਮਲਕੀਤ ਸਿੰਘ ਥਿੰਦ, ਐਸ.ਐਸ.ਪੀ. ਸੋਮਿਆ ਮਿਸ਼ਰਾ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਐਸ.ਪੀ. (ਡੀ) ਰਣਧੀਰ ਕੁਮਾਰ, ਸਹਾਇਕ ਕਮਿਸ਼ਨਰ ਸੂਰਜ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।