5 Dariya News

ਰਾਜ ਪੱਧਰੀ ਬਸੰਤ ਮੇਲੇ ਦੇ ਦੂਜੇ ਦਿਨ ਜਸਬੀਰ ਜੱਸੀ ਨੇ ਆਪਣੀ ਗਾਇਕੀ ਦੇ ਰੰਗ ਬਖੇਰੇ

ਲੋਕਾਂ ਨੇ ਪਤੰਗਬਾਜ਼ੀ ਮੁਕਾਬਲਿਆਂ ਦਾ ਲੁਤਫ਼ ਲੈਣ ਤੋਂ ਬਾਅਦ ਨੱਚ-ਨੱਚ ਪਾਈਆਂ ਧਮਾਲਾਂ

5 Dariya News

ਫ਼ਿਰੋਜ਼ਪੁਰ 12-Feb-2024

ਬੀਤੀ ਸ਼ਾਮ ਫ਼ਿਰੋਜ਼ਪੁਰ ਵਿਖੇ ਚੱਲ ਰਹੇ 2 ਦਿਨਾਂ ਮੇਲੇ ਦੇ ਅੰਤਿਮ ਦਿਨ ਪੰਜਾਬੀ ਨਾਮਵਰ ਗਾਇਕ ਜਸਬੀਰ ਜੱਸੀ ਨੇ ਆਪਣੇ ਮਕਬੂਲ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਅਤੇ ਪੰਜਾਬੀ ਲੋਕ ਗੀਤ, ਆਵੋ ਨੀ ਸਈਂਯੋ, ਸੂਫ਼ੀ ਗੀਤ (ਬਾਬਾ ਬੁੱਲੇ ਸ਼ਾਹ), ਹੀਰ, ਕੋਕਾ ਆਦਿ ਗੀਤਾਂ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ, ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਭੁੱਲਰ ਅਤੇ ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਵੀ ਸੂਫੀ ਤੇ ਲੋਕ ਗੀਤਾਂ ਦਾ ਆਨੰਦ ਮਾਣਿਆ।

ਗਾਇਕ ਜਸਬੀਰ ਜੱਸੀ ਨੇ ਮੰਚ ਤੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਬਸੰਤ ਪੰਚਮੀ ਦਾ ਸਮਾਗਮ ਰਾਜ ਪੱਧਰ ’ਤੇ ਪਹਿਲੀ ਵਾਰ ਕਰਵਾਉਣ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਾ ਪਾਤਰ ਦੱਸਿਆ। ਉਨ੍ਹਾਂ ਕਿਹਾ ਕਿ ਸਾਡਾ ਫਰ਼ਜ ਬਣਦਾ ਹੈ ਕਿ ਅਸੀ ਆਪਣੇ ਸੱਭਿਆਚਾਰ, ਲੋਕ ਗੀਤ, ਲੋਕ ਕਾਵਿ ਨਾਲ ਨਵੀਂ ਪੀੜ੍ਹੀ ਨੂੰ ਜੋੜੀਏ ਅਤੇ ਅਜਿਹਾ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਹੀ ਕੀਤਾ ਜਾ ਸਕਦਾ ਹੈ। ਜੱਸੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕਿਉਂਕਿ ਕੋਈ ਵੀ ਧਰਮ ਆਪਸ ਵਿੱਚ ਨਫ਼ਰਤ ਪੈਦਾ ਕਰਨਾ ਨਹੀਂ ਸਿਖਾਉਂਦਾ। ਧਰਮ ਲੋਕਾਂ ਨੂੰ ਜੋੜਦਾ ਹੈ, ਵੰਡਦਾ ਨਹੀਂ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸ਼੍ਰੀ ਮਲਕੀਤ ਸਿੰਘ ਥਿੰਦ, ਜ਼ਿਲਾ ਪੁਲਿਸ ਮੁਖੀ ਸੋਮਿਆ ਮਿਸ਼ਰਾ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਐਸ.ਪੀ. (ਡੀ) ਰਣਧੀਰ ਕੁਮਾਰ, ਸਹਾਇਕ ਕਮਿਸ਼ਨਰ ਸੂਰਜ ਕੁਮਾਰ, ਡੀ.ਡੀ.ਪੀ.ਓ. ਜਸਵੰਤ ਸਿੰਘ ਬੜੈਚ, ਸਕੱਤਰ ਰੈਡ ਕਰਾਸ ਅਸ਼ੋਕ ਬਹਿਲ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।

ਪਤੰਗਬਾਜ਼ੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਕੌਣ-ਕੌਣ ਰਿਹਾ ਜੇਤੂ:

ਮਹਿਲਾ ਵਰਗ ਦੇ 18 ਸਾਲ ਤੋਂ ਵੱਧ ਉਮਰ ਦੇ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ  ਹਾਸਲ ਕਰਕੇ ਮੋਨਿਕਾ ਪੁਗਲ ਨੇ 1 ਲੱਖ ਰੁਪਏ ਦਾ ਇਨਾਮ ਪ੍ਰਾਪਤ ਕੀਤਾ।

ਪੁਰਸ਼ ਵਰਗ ਦੇ 18 ਸਾਲ ਤੋਂ ਵੱਧ ਉਮਰ ਦੇ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਹਾਸਲ ਕਰਕੇ ਰਾਘਵ ਚੋਪੜਾ 1 ਲੱਖ ਰੁਪਏ ਦਾ ਇਨਾਮ ਪ੍ਰਾਪਤ ਕੀਤਾ।

10 ਤੋਂ 18 ਸਾਲ ਦੇ ਉਮਰ ਵਰਗ ਵਿੱਚ ਲੜਕੀਆਂ ਵਿੱਚ ਪਹਿਲਾ ਸਥਾਨ ਨਵਰੀਤ ਕੌਰ ਅਤੇ ਲੜਕਿਆਂ ਵਿਚੋਂ ਪ੍ਰੀਕਸ਼ਿਤ ਤਲਵਾਰ ਪਹਿਲਾ ਸਥਾਨ ਪ੍ਰਾਪਤ ਕਰਕੇ 25-25 ਹਜ਼ਾਰ ਰੁਪਏ ਦੇ ਇਨਾਮ ਪ੍ਰਾਪਤ ਕੀਤੇ।

ਦਿਵਿਆਂਗਜਨਾਂ ਵਿੱਚ 18 ਸਾਲ ਤੋਂ ਵੱਧ ਉਮਰ ਦੇ ਮੁਕਾਬਲਿਆਂ ਵਿੱਚ ਰੀਤੂ ਤੇ ਲੱਖਾ ਮਸੀਹ ਨੇ 5100-5100 ਰੁਪਏ ਦਾ ਇਨਾਮ ਪ੍ਰਾਪਤ ਕੀਤਾ ਅਤੇ 10 ਤੋਂ 18 ਸਾਲ ਦੇ ਉਮਰ ਵਰਗ ਵਿੱਚ ਕ੍ਰਿਸ਼ਨਾ ਨੇ 5100 ਰੁਪਏ ਦਾ ਇਨਾਮੀ ਪ੍ਰਾਪਤ ਕੀਤਾ।