5 Dariya News

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ਼ਰਧਾਲੂਆਂ ਦਾ 7ਵਾਂ ਜਥਾ ਰਵਾਨਾ ਕੀਤਾ

ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨਗੇ ਸ਼ਰਧਾਲੂ

5 Dariya News

ਸੁਨਾਮ ਊਧਮ ਸਿੰਘ ਵਾਲਾ 10-Feb-2024

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੰਦੇ ਹੋਏ ਕਰੀਬ ਤਿੰਨ ਮਹੀਨੇ ਪਹਿਲਾਂ ਆਰੰਭ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਤੋਂ ਸ਼ਰਧਾਲੂਆਂ ਦੇ 7ਵੇਂ ਜਥੇ ਨੂੰ ਬੱਸ ਰਾਹੀਂ ਰਵਾਨਾ ਕਰਨ ਮੌਕੇ ਕੀਤਾ। 

ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪੰਜਾਬ ਅਤੇ ਹੋਰਨਾਂ ਰਾਜਾਂ ਵਿੱਚ ਸਥਿਤ ਧਾਰਮਿਕ ਅਸਥਾਨਾਂ ਦੇ ਮੁਫ਼ਤ ਦਰਸ਼ਨ ਦੀਦਾਰੇ ਕਰਵਾਉਣ ਦਾ ਇੱਕ ਨੇਕ ਕਾਰਜ ਹੈ ਅਤੇ ਸੁਨਾਮ ਸਮੇਤ ਰਾਜ ਦੇ ਸਮੂਹ ਹਲਕਿਆਂ ਵਿੱਚ ਇਸ ਸਕੀਮ ਨੂੰ ਨਾਗਰਿਕਾਂ ਵੱਲੋਂ ਅਥਾਹ ਹੁੰਗਾਰਾ ਮਿਲ ਰਿਹਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਏ ਇਸ ਜਥੇ ਦੇ ਸ਼ਰਧਾਲੂਆਂ ਨੂੰ ਸਵਾਗਤੀ ਕਿੱਟਾਂ ਵੰਡੀਆਂ ਅਤੇ ਸੁਰੱਖਿਅਤ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੁਨਾਮ ਹਲਕੇ ਦੇ ਨਿਵਾਸੀਆਂ ਵੱਲੋਂ ਤਖਤ ਸ੍ਰੀ ਹਜ਼ੂਰ ਸਾਹਿਬ, ਸ੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਿਆਮ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਰ ਦੇ ਦਰਸ਼ਨ ਇਸ ਸਕੀਮ ਤਹਿਤ ਕੀਤੇ ਜਾ ਚੁੱਕੇ ਹਨ। ਇਸ ਮੌਕੇ ਨਾਇਬ ਤਹਿਸੀਲਦਾਰ ਨੀਰਜ ਕੁਮਾਰ, ਸੀਨੀਅਰ ਆਗੂ ਜਤਿੰਦਰ ਜੈਨ, ਬਲਾਕ ਪ੍ਰਧਾਨ ਸਾਹਿਬ ਸਿੰਘ, ਯਾਦਵਿੰਦਰ ਰਾਜਾ ਨਕਟੇ, ਹਰਮੀਤ ਵਿਰਕ,  ਸੰਜੀਵ ਕੁਮਾਰ ਸੰਜੂ, ਨਰਿੰਦਰ ਠੇਕੇਦਾਰ ਵੀ ਹਾਜ਼ਰ ਸਨ।