5 Dariya News

ਨਗਰ ਨਿਗਮ ਚੋਣਾਂ ਵਿੱਚ ਲੋਕਤੰਤਰ ਦੀ ਹੱਤਿਆ ਖਿਲਾਫ਼ ਆਪ ਦੀ ਭੁੱਖ ਹੜਤਾਲ ਛੇਵੇਂ ਦਿਨ ਵੀ ਰਹੀ ਜਾਰੀ

ਚੰਡੀਗੜ੍ਹ ਸ਼ਹਿਰ ਦੀ ਬੀਜੇਪੀ ਨੇ ਪੂਰੇ ਦੇਸ਼ ਵਿੱਚ ਕਰਵਾਈ ਬਦਨਾਮੀ: ਡਾ. ਆਹਲੂਵਾਲੀਆ

5 Dariya News

ਚੰਡੀਗੜ੍ਹ 09-Feb-2024

ਚੰਡੀਗੜ੍ਹ ਨਗਰ ਨਿਗਮ ਦੇ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ ਦਿਨ–ਦਿਹਾੜੇ ਬੀਜੇਪੀ ਦੁਆਰਾ ਕੀਤੀ ਗਈ ਲੋਕਤੰਤਰ ਦੀ ਹੱਤਿਆ ਖਿਲਾਫ਼ ਆਮ ਆਦਮੀ ਪਾਰਟੀ (ਆਪ) ਦੀ ਭੁੱਖ ਹੜਤਾਲ ਅੱਜ ਛੇਵੇਂ ਦਿਨ ਵੀ ਸੈਕਟਰ 17 ਵਿੱਚ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਜਾਰੀ ਰਹੀ। ਅੱਜ ਕੌਂਸਲਰ ਸੁਮਨ ਸ਼ਰਮਾਂ, ਭੋਲੀ, ਸੀਮਾਂ, ਰਵੀ ਪਾਸਵਾਨ ਅਤੇ ਕਮਲਜੀਤ ਕੌਰ ਵਲੋਂ ਭੁੱਖ ਹੜਤਾਲ ਕੀਤੀ ਗਈ। 

ਉਨ੍ਹਾਂ ਦੇ ਨਾਲ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ, ਡਾ. ਐਸ.ਐਸ. ਆਹਲੂਵਾਲੀਆ, ਆਪ ਆਗੂ ਮੀਨਾ ਸ਼ਰਮਾਂ, ਆਭਾ ਬੰਸਲ, ਸੁਖਰਾਜ ਸੰਧੂ, ਕੌਂਸਲਰ ਕੁਲਦੀਪ ਕੁਮਾਰ, ਦਮਨਪ੍ਰੀਤ ਸਿੰਘ, ਪ੍ਰੇਮ ਲਤਾ, ਗੁਰਚਰਨਜੀਤ ਸਿੰਘ ਕਾਲਾ, ਪੂਨਮ ਸ਼ਰਮਾਂ, ਜਸਵਿੰਦਰ ਕੌਰ, ਨੇਹਾ ਮੁਸਾਵਤ, ਰਾਮਚੰਦਰ ਯਾਦਵ ਅਤੇ ਵੱਡੀ ਗਿਣਤੀ ਵਿੱਚ ਆਪ ਦੇ ਵਲੰਟੀਅਰ ਵੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਏ।

ਇਸ ਮੌਕੇ ਉਤੇ ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ਨੇ ਬੋਲਦੇ ਹੋਏ ਕਿਹਾ ਕਿ ਜੋ ਬੀਜੇਪੀ ਵਲੋਂ 30 ਜਨਵਰੀ ਨੂੰ ਨਗਰ ਨਿਗਮ ਵਿੱਚ ਚੋਣਾਂ ਵਾਲੇ ਦਿਨ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ, ਉਸਦੇ ਲਈ ਚੰਡੀਗੜ੍ਹ ਵਾਸੀ ਕਦੇ ਵੀ ਬੀਜੇਪੀ ਨੂੰ ਮਾਫ਼ ਨਹੀਂ ਕਰਨਗੇ। ਮਾਣਯੋਗ ਸੁਪਰੀਮ ਕੋਰਟ ਵਲੋਂ ਜੋ ਸਖਤ ਟਿੱਪਣੀਆਂ ਬੀਜੇਪੀ ਦੇ ਨੌਮੀਨੇਟਿਡ ਕੌਂਸਲਰ ਅਤੇ ਪ੍ਰੀਜਾਇਡਿੰਗ ਅਫ਼ਸਰ ਅਨਿਲ ਮਸ਼ੀਹ ਖਿਲਾਫ਼ ਕੀਤੀਆਂ ਗਈਆਂ ਹਨ, ਉਸ ਤੋਂ ਸਾਫ਼ ਕਿ ਸਾਨੂੰ ਮਾਣਯੋਗ ਸੁਪਰੀਮ ਕੋਰਟ ਤੋਂ ਛੇਤੀ ਹੀ ਇਨਸਾਫ ਮਿਲੇਗਾ ਅਤੇ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ।

ਇਸ ਮੌਕੇ ਉਤੇ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਚੰਡੀਗੜ੍ਹ ਦੇ ਵੱਡੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੁਆਰਾ ਹਾਲੇ ਤੱਕ ਅਨਿਲ ਮਸ਼ੀਹ ਅਤੇ ਬੀਜੇਪੀ ਦੇ ਕੌਂਸਲਰਾਂ ਖਿਲਾਫ਼ ਕੋਈ ਕਾਰਵਾਈ ਨਾ ਕਰਨਾ, ਇਹ ਦਰਸਾਉਂਦਾ ਹੈ ਕਿ ਉਹ ਵੀ ਬੀਜੇਪੀ ਦੇ ਨਾਲ ਰਲੇ ਹੋਏ ਹਨ। ਕਿਉਂਕਿ ਮਾਣਯੋਗ ਸੁਪਰੀਮ ਕੋਰਟ ਵਲੋਂ ਅਨਿਲ ਮਸ਼ੀਹ ਖਿਲਾਫ਼ 5 ਫਰਵਰੀ ਨੂੰ ਸੁਣਵਾਈ ਦੌਰਾਨ ਸਖਤ ਟਿੱਪਣੀਆਂ ਕਰਦੇ ਹੋਏ ਕਿਹਾ ਗਿਆ ਸੀ, ਕਿ ਜੋ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਪ੍ਰੀਜਾਇਡਿੰਗ ਅਫ਼ਸਰ ਅਨਿਲ ਮਸ਼ੀਹ ਦੁਆਰਾ ਕੈਮਰੇ ਦੇ ਸਾਹਮਣੇ ਕੁਲਦੀਪ ਕੁਮਾਰ ਦੀਆਂ 8 ਵੋਟਾਂ ਤੇ ਪੈਨੱ ਚਲਾ ਕੇ ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ ਤਾਂ ਅਜਿਹੇ ਬੰਦਿਆਂ ਦੇ ਖਿਲਾਫ਼ ਮੁਕੱਦਮਾ ਚੱਲਣਾ ਚਾਹੀਦਾ ਹੈ। ਪਰ ਹਾਲੇ ਤੱਕ ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਕਿਸੇ ਵੀ ਬੰਦੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਦੁਆਰਾ ਜੋ ਨਗਰ ਨਿਗਮ ਚੋਣਾਂ ਵਿੱਚ ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ, ਇਸਦੇ ਨਾਲ ਸਿਰਫ਼ ਬੀਜੇਪੀ ਦੀ ਬਦਨਾਮੀ ਨਹੀਂ ਹੋਈ ਹੈ। ਇਹ ਕੰਮ ਕਰਕੇ ਬੀਜੇਪੀ ਨੇ ਚੰਡੀਗੜ੍ਹ ਸ਼ਹਿਰ ਦੀ ਪੂਰੇ ਦੇਸ਼ ਵਿੱਚ ਬਦਨਾਮੀ ਕਰਵਾਈ ਹੈ, ਇਸ ਦੇ ਲਈ ਚੰਡੀਗੜ੍ਹ ਵਾਸੀ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰਨਗੇ। ਇਸ ਦੀ ਸਜਾ ਸ਼ਹਿਰ ਵਾਸੀ ਬੀਜੇਪੀ ਨੂੰ ਦਵਾ ਕੇ ਰਹਿਣਗੇ। 

ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਪੂਰੇ ਦੇਸ਼ ਵਿੱਚ ਗਲਤ ਤਰੀਕੇ ਨਾਲ ਵੋਟਾਂ ਹਾਸਿਲ ਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਜੇਕਰ ਚੰਡੀਗੜ੍ਹ ਵਰਗੇ ਛੋਟੇ ਜਿਹੇ ਸ਼ਹਿਰ ਵਿੱਚ ਬੀਜੇਪੀ ਆਪਣਾ ਮੇਅਰ ਬਨਾਉਣ ਲਈ 20 ਵੋਟਾਂ ਵਿੱਚੋਂ ਆਪ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਕੁਮਰ ਦੀਆਂ 8 ਵੋਟਾਂ ਰੱਦ ਕਰਵਾ ਸਕਦੀ ਹੈ ਤਾਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਪੂਰੇ ਦੇਸ਼ ਦੀਆਂ 90 ਕਰੋੜ ਵੋਟਾਂ ਵਿੱਚ ਕਿੰਨੀ ਵੱਡੀ ਹੇਰਾਫੇਰੀ ਕਰ ਸਕਦੀ ਹੈ। ਇਸਦਾ ਉਦਾਹਰਣ ਚੰਡੀਗੜ੍ਹ ਤੋਂ ਲਿਆ ਜਾ ਸਕਦਾ ਹੈ।