5 Dariya News

ਡਰ ਤੇ ਖੌਫ ਦਾ ਅਨੌਖਾ ਮਨੋਰੰਜਨ ਹੋਵੇਗੀ ਫ਼ਿਲਮ 'ਵਾਰਨਿੰਗ 2'

5 Dariya News

ਚੰਡੀਗੜ੍ਹ 30-Jan-2024

ਪੰਜਾਬੀ ਸਿਨੇਮੇ ‘ਚ ਹਰ ਸਾਲ ਨਵੇਂ ਵਿਸ਼ੇ ਦੀਆਂ ਫ਼ਿਲਮਾਂ ਬਣਦੀਆਂ ਹਨ ਤਾਂ ਜੋ ਦਰਸ਼ਕਾਂ ਨੂੰ ਚੰਗਾ ਮਨੋਰੰਜਨ ਦਿੱਤਾ ਜਾ ਸਕੇ। 2022 ‘ਚ ਰਿਲੀਜ਼ ਹੋਈ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤੀ ਫ਼ਿਲਮ ‘ਵਾਰਨਿੰਗ’ ਆਮ ਪੰਜਾਬੀ ਫ਼ਿਲਮਾਂ ਵਿਚਕਾਰ ਇੱਕ ਮੀਲ-ਪੱਥਰ ਸਾਬਤ ਹੋਈ ਸੀ। ਇਸ ਫ਼ਿਲਮ ਨੇ ਅੱਗੇ ਆਉਣ ਵਾਲੀਆਂ ਫ਼ਿਲਮਾਂ ਦਾ ਰੂਪਮਾਨ ਹੀ ਬਦਲ ਦਿੱਤਾ। ਐਕਸ਼ਨ ਫ਼ਿਲਮਾਂ ਵਿਚਲੀ ਲੜਾਈ ਦੀ ਕੋਰਿਓਗ੍ਰਾਫ਼ੀ ਅਤੇ ਪਾਤਰਾਂ ਨੂੰ ਦਿਲਚਸਪ ਬਣਾਉਣ ਵੱਲ ਵੱਧ ਧਿਆਨ ਦਿੱਤਾ ਗਿਆ। 

2022 ਦੀ ਫ਼ਿਲਮ ‘ਵਾਰਨਿੰਗ’ ‘ਪ੍ਰਿੰਸ ਕੰਵਲਜੀਤ’ ਵੱਲੋਂ ਨਿਭਾਏ ਕਿਰਦਾਰ ‘ਪੰਮੇ’ ਦੇ ਆਲੇ-ਦੁਆਲੇ ਘੁੰਮਦੀ ਹੈ। ਜ਼ਿੰਦਗੀ ਵਿਚ ਕੀਤੀ ਮੇਹਨਤ ਉਸਨੂੰ ਪੰਜਾਬ ਵਰਗੇ ਸੂਬੇ ਵਿਚ ਇੱਕ ਨੌਕਰੀ ਨਹੀਂ ਦਵਾ ਸਕੀ। ਆਪਣੇ ਅੰਦਰ ਉਬਲ ਰਹੇ ਖੂਨ ਨੂੰ ਉਹ ਪੰਜਾਬ ਵਿਚਲੇ ਨਸ਼ਾ-ਤਸਕਰਾਂ ਦੀ ਦੁਨੀਆਂ ਵਿੱਚ ਜਾ ਕੇ ਠੰਡਾ ਕਰਦਾ ਹੈ। ਪਰ ਉਸਦੀ ਕਿਸਮਤ ਨੂੰ ਉਦੋਂ ਧੱਕਾ ਲੱਗਦਾ ਹੈ ਜਦ ਉਸਨੂੰ ਆਪਣੇ ਬਾਬੂ ਤੋਂ ਹੀ ਧੋਖਾ ਮਿਲਦਾ ਹੈ। ‘

ਛਿੰਦੇ’ ਅਤੇ ‘ਗੇਜੇ’ ਵਰਗੇ ਖੱਤਰਨਾਕ ਕਿਰਦਾਰਾਂ ਨਾਲ ਪੰਗਾ ਉਸਨੂੰ ਅਖ਼ੀਰ ਜੇਲ ਦੀ ਹਵਾ ਖਵਾਉਂਦਾ ਹੈ।ਸਿਨੇਮੇ ਦੇ ਦ੍ਰਿਸ਼ਟੀਕੋਣ ਤੋਂ ਇਹ ਪੰਜਾਬੀ ਫ਼ਿਲਮ ਬਹੁਤ ਵੱਡਾ ਕਦਮ ਸਾਬਤ ਹੁੰਦੀ ਹੈ। ਗਿੱਪੀ ਗਰੇਵਾਲ ਵੱਲੋਂ ਲਿਖੀ ਇਸ ਫ਼ਿਲਮ ਦਾ ਨਜ਼ਰਿਆ ਅਮਰ ਹੁੰਦਲ ਨੇ ਬਾਖ਼ੂਬੀ ਸਮਝਿਆ ਅਤੇ ਆਪਣੀ ਸ਼ਾਨਦਾਰ ਨਿਰਦੇਸ਼ਨੀ ਨਾਲ ਰਹੱਸਮਈ ਟਵੀਸ਼ਟਾਂ ਨਾਲ ਭਰੀ ਇੱਕ ਮਨੋਰੰਜਕ ਫ਼ਿਲਮ ਦਾ ਨਿਰਮਾਣ ਕੀਤਾ। ਫ਼ਿਲਮ ਵਿਚ ਵਰਤੀ ਗਈ ਆਮ ਜਿਹੀ ਭੱਦੀ ਸ਼ਬਦਾਵਲੀ ਜ਼ੁਲਮ ਦੀ ਦੁਨੀਆਂ ਵਿਚ ਪਚਰਦੇ ਕਿਰਦਾਰਾਂ ਦੇ ਅਨੋਕੂਲ ਜਾਪਦੀ ਹੈ। 

‘ਪ੍ਰਿੰਸ ਕੰਵਲਜੀਤ’ ਦੀ ‘ਪੰਮੇ’ ਦੇ ਕਿਰਦਾਰ ਵਿੱਚ ਅਦਾਕਾਰੀ ਉਸਨੂੰ ਪੰਜਾਬੀ ਦਰਸ਼ਕਾਂ ਦੇ ਚਹੇਤੇ ਕਲਾਕਾਰਾਂ ਵਿਚੋਂ ਇੱਕ ਬਣਾ ਦਿੰਦੀ ਹੈ। ਇਸ ਤੋਂ ਇਲਾਵਾ ‘ਧੀਰਜ ਕੁਮਾਰ’ ਦਾ ਕਿਰਦਾਰ ‘ਛਿੰਦਾ’ ਆਪਣੇ ਵੱਲੋਂ ਦਰਸਾਈ ਗਈ ਬਦਲੇ ਦੀ ਕਾਹਲ ਕਰਕੇ ਹੋਰ ਵੀ ਦਿਲਚਸਪ ਲੱਗਦਾ ਹੈ। ਧੀਰਜ ਕੁਮਾਰ ਦੀ ਢੁੱਕਵੀਂ ਡਾਇਲਾਗ ਡਿਲੀਵਰੀ ਤਾਂ ਚੰਗੀ ਹੈ ਹੀ, ਪਰੰਤੂ ਉਸਦਾ ਕਿਰਦਾਰ ਆਪਣੀਆਂ ਅੱਖਾਂ ਨਾਲ ਵੀ ਬੋਲਦਾ ਜਾਪਦਾ ਹੈ। ਇਹੀ ਇਸ ਫ਼ਿਲਮ ਦੀ ਖਾਸੀਅਤ ਸੀ, ਇਸਦੀ ਵੱਖਰੀ ਚਰਿੱਤਰ ਲੇਖਣੀ। 

ਫ਼ਿਲਮ ਦੇ ਅਖ਼ੀਰ ਤੇ ‘ਗਿੱਪੀ ਗਰੇਵਾਲ’ ਦਾ ਕਿਰਦਾਰ ‘ਗੇਜਾ’ ਆਉਂਦਾ ਹੈ ਅਤੇ ਬਿਨਾਂ ਕੋਈ ਡਾਇਲਾਗ ਬੋਲੇ ਦਰਸ਼ਕਾਂ ਦਾ ਦਿਲ ਜਿੱਤ ਲੈਂਦਾ ਹੈ। ਫ਼ਿਲਮ ਉੱਤੇ ਕੀਤੀ ਮਿਹਨਤ ਇਸਦੇ ਹਰ ਇੱਕ ਫਰੇਮ ਵਿੱਚ ਨਜ਼ਰ ਆਉਂਦੀ ਹੈ। ਇਸ ਫ਼ਿਲਮ ਨਾਲ ਪਹਿਲੀ ਵਾਰ ਪੰਜਾਬੀ ਸਿਨੇਮੇ ਵਿਚ ਸਾਈਕੋਪੈਥ ਕਿਰਦਾਰਾਂ ਦੀ ਐਂਟਰੀ ਹੁੰਦੀ ਹੈ। ਅਗਲੇ ਮਹੀਨੇ 2 ਫਰਵਰੀ ਨੂੰ ਆ ਰਿਹਾ ਇਸ ਫ਼ਿਲਮ ਦਾ ਅੱਗਲਾ ਭਾਗ ‘ਵਾਰਨਿੰਗ-2’ ਡਾਇਰੈਕਟਰ ‘ਅਮਰ ਹੁੰਦਲ’ ਦੇ ਹਿਸਾਬ ਨਾਲ ਇੱਕ ਅਜਿਹਾ ਐਕਸ਼ਨ ਨਾਲ ਭਰਪੂਰ ਮਨੋਰੰਜਨ ਹੋਵੇਗਾ ਜੋ ਪੰਜਾਬੀ ਦਰਸ਼ਕਾਂ ਨੇ ਕਦੇ ਵੀ ਨਹੀਂ ਵੇਖਿਆ ਹੋਵੇਗਾ। ਉਹ ਇਸ ਫ਼ਿਲਮ ਦੀ ਹਾਲੀਵੁੱਡ ਦੇ ਐਕਸ਼ਨ ਨਾਲ ਤੁਲਨਾ ਕਰ ਸਕਦੇ ਹਨ। ਪਹਿਲੇ ਭਾਗ ਨਾਲੋਂ ਇਸ ਫ਼ਿਲਮ ਵਿਚ ਕਿਰਦਾਰਾਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ, ਹਰ ਇੱਕ ਕਿਰਦਾਰ ਇੱਕ ਦੂਜੇ ਜੀ ਜਾਨ ਮਗਰ ਪਿਆ ਹੈ। ਫ਼ਿਲਮ ਦਾ ਮੈਨ ਥੀਮ ‘ਬਦਲੇ’ ਤੇ ਅਧਾਰਿਤ ਹੈ। ਖੈਰ ਇਹ ਤਾਂ 2 ਫਰਵਰੀ ਨੂੰ ਹੀ ਪਤਾ ਲੱਗੇਗਾ ਕਿ ਖੂਨ ਦੀ ਚੱਲ ਰਹੀ ਇਸ ਚੱਕੀ ਵਿਚ ਕੌਣ-ਕੌਣ ਪਿਸਦਾ ਹੈ । 

ਗਿੱਪੀ ਗਰੇਵਾਲ, ਵਿਕਰਮ ਮਹਿਰਾ, ਸਿਧਾਰਥ ਆਨੰਦ ਕੁਮਾਰ, ਭਾਨਾ ਐੱਲ. ਏ., ਵਿਨੋਦ ਅਸਵਾਲ ਤੇ ਸਾਹਿਲ ਸ਼ਰਮਾ ਵਲੋਂ ਪ੍ਰੋਡਿਊਸ ਇਸ ਫਿਲਮ ਚ ਗਿੱਪੀ ਗਰੇਵਾਲ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਦੇਵ, ਜੈਸਮੀਨ ਭਸੀਨ, ਧੀਰਜ ਕੁਮਾਰ, ਜੱਗੀ ਸਿੰਘ, ਮਲਕੀਤ ਰੌਣੀ, ਸਰਦਾਰ ਸੋਹੀ, ਦੀਦਾਰ ਗਿੱਲ, ਪ੍ਰਦੀਪ ਚੀਮਾ, ਅਮਰ ਹੁੰਦਲ, ਰਾਜ ਝਿੰਜਰ, ਬਲਜਿੰਦਰ ਕੌਰ,ਹਰਿੰਦਰ ਭੁੱਲਰ, ਜੱਸੀ ਲੋਂਗੋਵਾਲੀਆ,ਰਘਵੀਰ ਬੋਲੀ ਅਤੇ ਅਮਨ ਕੋਤਿਸ਼ ਵਰਗੇ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ।ਇਹ ਫ਼ਿਲਮ ਹੰਬਲ ਮੋਸ਼ਨ ਪਿਕਚਰਜ਼, ਸਾਰੇਗਾਮਾ ਇੰਡੀਆ ਤੇ ਯੂਡਲੀ ਫ਼ਿਲਮਜ਼ ਵਲੋਂ ਸਹਿ-ਨਿਰਮਿਤ ਹੈ।ਜਿਸ ਦੇ ਡ੍ਰਿਸਟੀਬਿਊਟਰ 'ਓਮਜ਼ੀ ਗਰੁੱਪ' ਦੇ ਮੁਨੀਸ਼ ਸਾਹਨੀ ਹਨ।