5 Dariya News

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਛਾਜਲੀ ਵਿਖੇ ਝਾਕੀਆਂ ਦਾ ਸ਼ਾਨਦਾਰ ਸਵਾਗਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਸ ਅਹਿਮ ਉਦਮ ਲਈ ਕੀਤਾ ਵਿਸ਼ੇਸ਼ ਧੰਨਵਾਦ

5 Dariya News

ਛਾਜਲੀ/ਦਿੜ੍ਹਬਾ 28-Jan-2024

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਪਾਏ ਗਏ ਬੇਮਿਸਾਲ ਯੋਗਦਾਨ ਅਤੇ ਪੰਜਾਬ ਦੇ ਗੌਰਵਮਈ ਵਿਰਸੇ ਬਾਰੇ ਜਾਗਰੂਕ ਕਰਨ ਲਈ ਤਿਆਰ ਕਰਵਾਈਆਂ ਗਈਆਂ ਤਿੰਨ ਝਾਕੀਆਂ ਦਾ ਅੱਜ ਛਾਜਲੀ ਵਿਖੇ ਪਹੁੰਚਣ ਮੌਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਅੱਜ ਛਾਜਲੀ ਵਿਖੇ ਉਪ ਮੰਡਲ ਮੈਜਿਸਟਰੇਟ ਸੁਨਾਮ ਪ੍ਰਮੋਦ ਸਿੰਗਲਾ, ਕੈਬਨਿਟ ਮੰਤਰੀ ਦੇ ਓ.ਐਸ.ਡੀ ਤਪਿੰਦਰ ਸਿੰਘ ਸੋਹੀ, ਨਾਇਬ ਤਹਿਸੀਲਦਾਰ ਅਮਿਤ ਸ਼ਰਮਾ ਸਮੇਤ ਵੱਡੀ ਗਿਣਤੀ ਸ਼ਖ਼ਸੀਅਤਾਂ ਅਤੇ ਵਰਕਰਾਂ ਨੇ ਇਨ੍ਹਾਂ ਵਡ ਅਕਾਰੀ ਝਾਕੀਆਂ ਦਾ ਸਵਾਗਤ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਸ ਉਦਮ ਲਈ ਧੰਨਵਾਦ ਕੀਤਾ। 

ਉਪ ਮੰਡਲ ਮੈਜਿਸਟਰੇਟ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਇਨ੍ਹਾਂ ਝਾਕੀਆਂ ਪ੍ਰਤੀ ਬੱਚਿਆਂ ਅਤੇ ਨੌਜਵਾਨ ਵਰਗ ਵਿੱਚ ਭਾਰੀ ਉਤਸ਼ਾਹ ਨਜ਼ਰ ਆਇਆ ਅਤੇ ਲੋਕਾਂ ਨੇ ਫੋਟੋ ਤੇ ਵੀਡੀਓ ਬਣਾ ਕੇ ਇਨ੍ਹਾਂ ਪਲਾਂ ਨੂੰ ਆਪਣੀ ਸਦੀਵੀ ਯਾਦ ਦਾ ਹਿੱਸਾ ਬਣਾਇਆ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ.ਐਸ.ਡੀ ਐਡਵੋਕੇਟ ਤਪਿੰਦਰ ਸਿੰਘ ਸੋਹੀ ਨੇ ਕਿਹਾ ਕਿ ਇਹ ਇੱਕ ਸੁਨਹਿਰੀ ਪਲ ਹੈ ਜਦੋਂ ਦਿੜ੍ਹਬਾ ਹਲਕੇ ਦੇ ਸੈਂਕੜੇ ਨਿਵਾਸੀਆਂ ਵੱਲੋਂ ਇਨ੍ਹਾਂ ਖੂਬਸੂਰਤ ਝਾਕੀਆਂ ਰਾਹੀ ਪੇਸ਼ ਕੀਤੇ ਜਾ ਰਹੇ ਪੰਜਾਬ ਦੇ ਆਜ਼ਾਦੀ ਇਤਿਹਾਸ, ਨਾਰੀ ਸ਼ਕਤੀ ਅਤੇ ਸਭਿਆਚਾਰ ਬਾਰੇ ਵਡਮੁੱਲੀ ਜਾਣਕਾਰੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਅਹਿਮ ਉਪਰਾਲਾ ਸਭ ਵੱਲੋਂ ਪਸੰਦ ਕੀਤਾ ਗਿਆ ਹੈ ਅਤੇ ਦਿੜ੍ਹਬਾ ਵਾਸੀ ਇਸ ਲਈ ਸਰਕਾਰ ਦੇ ਸ਼ੁਕਰਗੁਜ਼ਾਰ ਰਹਿਣਗੇ।