5 Dariya News

ਗਣਤੰਤਰ ਦਿਵਸ ਦੇ ਰਾਜ ਪੱਧਰੀ ਸਮਾਗਮ ਮੌਕੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਪੰਜਾਬ ਦੇ ਸ਼ਹੀਦਾਂ ਤੇ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਝਾਕੀਆਂ ਬਣੀਆਂ ਖਿੱਚ ਦਾ ਕੇਂਦਰ

ਸੂਬਾ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਵੱਖ ਵੱਖ ਸਕੀਮਾਂ ਨੂੰ ਦਰਸਾਉਂਦੀਆਂ ਕੱਢੀਆਂ 13 ਝਾਕੀਆਂ

5 Dariya News

ਪਟਿਆਲਾ 26-Jan-2024

ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਖੇਡ ਸਟੇਡੀਅਮ ਵਿਖੇ ਹੋਏ ਗਣਤੰਤਰ ਦਿਵਸ ਦੇ ਰਾਜ ਪੱਧਰੀ ਸਮਾਗਮ ਮੌਕੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਪੰਜਾਬ ਦੇ ਇਤਿਹਾਸ, ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ, ਅਮੀਰ ਵਿਰਸੇ, ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਨੇ ਸਟੇਡੀਅਮ ਵਿੱਚ ਮੌਜੂਦ ਹਰ ਦਰਸ਼ਕ ਦਾ ਧਿਆਨ ਖਿੱਚਿਆ। ਗਣਤੰਤਰ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ, ਇਸ ਉਪਰੰਤ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਝਾਕੀਆਂ ਦੇਖੀਆਂ।

ਇਸ ਉਪਰੰਤ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਲ 13 ਝਾਕੀਆਂ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਭੇਜੀ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਦੇ ਯੋਗਦਾਨ ਨੂੰ ਦਰਸਾਉਂਦੀ ਝਾਕੀ ਤੋਂ ਹੋਈ। ਇਸ ਵਿੱਚ ਜਲਿਆਂਵਾਲਾ ਬਾਗ ਦਾ ਸ਼ਹੀਦੀ ਸਾਕਾ, ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸ. ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ, ਕਾਮਾਗਾਟਾ ਮਾਰੂ ਦੀ ਘਟਨਾ ਦਿਖਾਇਆ ਗਿਆ।

ਪੰਜਾਬ ਸਰਕਾਰ ਵੱਲੋਂ ਭੇਜੀ ਦੂਜੀ ਝਾਕੀ ਰਾਹੀਂ 'ਨਾਰੀ ਸ਼ਕਤੀ' (ਮਾਈ ਭਾਗੋ-ਪਹਿਲੀ ਮਹਾਨ ਸਿੱਖ ਜੰਗਜੂ ਬੀਬੀ) ਅਤੇ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵੱਲੋਂ ਸਿੱਖਿਅਤ ਬੱਚੀਆਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਨੂੰ ਬਾਖੂਬੀ ਦਰਸਾਇਆ ਗਿਆ। ਜਦਕਿ ਤੀਜੀ ਝਾਕੀ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਪੇਸ਼ਕਾਰੀ ਕੀਤੀ ਗਈ।

ਵੱਖ ਵੱਖ ਵਿਭਾਗਾਂ ਦੀਆਂ ਝਾਕੀਆਂ ਤਹਿਤ ਸਿਹਤ ਵਿਭਾਗ ਦੀ ਸਿਹਤਮੰਦ ਪੰਜਾਬ ਤਹਿਤ 550 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਹਸਪਤਾਲਾਂ ਦੇ ਹੋਏ ਕਾਇਆ ਕਲਪ ਅਤੇ ''ਸਿਹਤ ਸਹੂਲਤਾਂ ਤੁਹਾਡੇ ਦੁਆਰ, ਲੈ ਕੇ ਆਈ ਪੰਜਾਬ ਸਰਕਾਰ'' ਤਹਿਤ ਸੂਬੇ ਵਿੱਚ 664 ਆਮ ਆਦਮੀ ਕਲੀਨਿਕ ਨੂੰ ਦਰਸਾਇਆ ਗਿਆ। ਪੰਜਵੀਂ ਝਾਕੀ ਰਾਹੀਂ ਸਕੂਲ ਆਫ਼ ਐਮੀਨੈਂਸ ਤਹਿਤ 11ਵੀਂ ਅਤੇ 12ਵੀਂ ਦੇ ਬੱਚਿਆਂ ਨੂੰ ਨਵੇਂ ਭਵਿੱਖ ਦੀ ਸਿਰਜਣਾ ਹਿੱਤ ਰਚਨਾਤਮਕ ਮਾਹੌਲ ਦੇਣ ਲਈ ਮੈਡੀਕਲ, ਜੇ.ਈ., ਇੰਜੀਨੀਅਰਿੰਗ ਪ੍ਰੀਖਿਆ ਦੀ ਤਿਆਰੀ ਲਈ ਵਿਸ਼ੇਸ਼ ਕੈਂਪ ਸਬੰਧੀ ਜਾਣਕਾਰੀ ਨੂੰ ਪ੍ਰਦਰਸ਼ਿਤ ਕੀਤਾ ਗਿਆ।

ਛੇਵੀਂ ਝਾਕੀ 'ਚ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਨੂੰ ਉਜਾਗਰ ਕੀਤਾ ਗਿਆ। ਸੱਤਵੀਂ ਝਾਕੀ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 2 ਕਰੋੜ 33 ਲੱਖ 19 ਹਜ਼ਾਰ 300 ਖਪਤਕਾਰਾਂ ਨੂੰ ਆਏ ਜ਼ੀਰੋ ਬਿਜਲੀ ਦੇ ਬਿੱਲ ਨੂੰ ਦਰਸਾਇਆ ਗਿਆ। ਅੱਠਵੀਂ ਝਾਕੀ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪਟਿਆਲਾ ਦੀਆਂ ਲੜਕੀਆਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਪਾਏ ਯੋਗਦਾਨ ਨੂੰ ਦਰਸਾਇਆ ਗਿਆ। ਨੌਵੀਂ ਝਾਕੀ ਵਿੱਚ ਵਣ ਮੰਡਲ ਵਿਭਾਗ ਵੱਲੋਂ ਹਰੇਕ ਟਿਊਬਵੈੱਲ ਤੇ 3 ਬੂਟੇ ਲਗਾਉਣ ਦੀ ਮੁਹਿੰਮ ਤਹਿਤ ਵਣ ਮੰਡਲ ਪਟਿਆਲਾ ਅਧੀਨ ਪੈਂਦੇ 61 ਹਜ਼ਾਰ ਟਿਊਬਵੈੱਲਾਂ ਤੇ ਤਕਰੀਬਨ 1 ਲੱਖ 80 ਹਜ਼ਾਰ ਬੂਟੇ ਲਗਾਉਣ ਨੂੰ ਉਜਾਗਰ ਕੀਤਾ ਗਿਆ। 

ਬਾਲ ਸੁਰੱਖਿਆ ਵਿਭਾਗ ਵੱਲੋਂ ਹਰ ਹੱਥ ਕਲਮ, "ਮੇਰਾ ਬਚਪਨ ਪ੍ਰੋਜੈਕਟ, ਸਕੂਲ ਆਨ ਵੀਲਜ਼ ਨੂੰ ਦਰਸਾਇਆ ਗਿਆ। ਪੁਲਿਸ ਵਿਭਾਗ ਦੀ ਝਾਕੀ ਵਿੱਚ ਸਾਂਝ ਕੇਂਦਰਾਂ ਰਾਹੀ ਆਮ ਲੋਕਾਂ ਨੂੰ 1 ਲੱਖ 41 ਹਜ਼ਾਰ 60 ਸੇਵਾਵਾਂ ਮੁਹੱਈਆਂ ਕਰਵਾਉਣ ਸਬੰਧੀ ਦਰਸਾਇਆ ਗਿਆ। ਪ੍ਰਸ਼ਾਸਨਿਕ ਸੁਧਾਰ ਦੀ ਝਾਕੀ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਤੱਕ ਬਿਹਤਰ ਪ੍ਰਸ਼ਾਸਨਿਕ ਸਹੂਲਤਾਂ ਉਪਲਬੱਧ ਕਰਵਾਉਣ ਲਈ ਸ਼ੁਰੂ ਕੀਤੀ ਡੋਰ ਸਟੈਪ ਡਲਿਵਰੀ ਨੂੰ ਦਰਸਾਇਆ ਗਿਆ।