5 Dariya News

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ‘ਤੇ ਲਹਿਰਾਇਆ ਰਾਸ਼ਟਰੀ ਝੰਡਾ

ਕਿਹਾ ਦੇਸ਼ ਦੀ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ

5 Dariya News

ਨਵਾਂਸ਼ਹਿਰ 26-Jan-2024

ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਸੁਤੰਤਰਤਾ ਸੰਗਰਾਮੀ, ਰੱਖਿਆ ਸੇਵਾਵਾਂ ਭਲਾਈ, ਬਾਗਬਾਨੀ, ਖਣਨ ਤੇ ਭੂ-ਵਿਗਿਅਨ, ਭੂਮੀ ਤੇ ਜਲ ਸੰਭਾਲ ਅਤੇ ਜਲ ਸਰੋਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਆਈ.ਟੀ.ਆਈ ਗਰਾਊਂਡ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ 75ਵੇਂ ਗਣਤੰਤਰ ਦਿਵਸ ਸਮਾਗਮ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਇੱਕ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ।

ਇਸ ਮੌਕੇ ‘ਤੇ ਉਨ੍ਹਾਂ ਨਾਲ ਵਿਧਾਇਕ ਸੰਤੋਸ਼ ਕਟਾਰੀਆ, ਵਿਧਾਇਕ ਨਵਾਂਸ਼ਹਿਰ ਨੱਛਤਰ ਪਾਲ, ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਐਸ.ਐਸ.ਪੀ. ਡਾ. ਅਖਿਲ ਚੌਧਰੀ, ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਚੇਚੀ ਜਲਾਲਪੁਰ, ਚੇਅਰਮੈਨ ਨਗਰ ਸੁਧਾਰ ਟਰੱਸਟ ਸਤਨਾਮ ਸਿੰਘ ਜਲਵਾਹਾ, ਹਲਕਾ ਇੰਚਾਰਜ ਨਵਾਂਸ਼ਹਿਰ ਲਲਿਤ ਮੋਹਨ ਪਾਠਕ, ਸ਼ਿਵ ਕਰਮ ਚੇਚੀ ਨੈਸ਼ਨਲ ਕੌਂਸਲ ਮੈਂਬਰ ਆਪ, ਰਾਜਦੀਪ ਸ਼ਰਮਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ, ਹਲਕਾ ਇੰਚਾਰਜ ਬੰਗਾ ਕੁਲਜੀਤ ਸਰਹਾਲ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਵਨੀਤ ਰਾਣਾ, ਯੂਥ ਆਗੂ ਮਨਦੀਪ ਅਟਵਾਲ ਵੀ ਮੌਜੂਦ ਸਨ

ਕੌਮੀ ਝੰਡਾ ਲਹਿਰਾਉਣ ਤੋਂ ਪਹਿਲਾਂ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ਅਤੇ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ’ਤੇ ਨਤਮਸਤਕ ਹੋਏ। ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਬੂਰ ਪੈ ਰਿਹਾ ਹੈ ਅਤੇ ਪੰਜਾਬ ਸਰਕਾਰ ਆਮ ਲੋਕਾਂ ਨੂੰ ਹਰ ਸੁੱਖ-ਸਹੂਲਤ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ।

ਉਨ੍ਹਾਂ ਨੇ ਆਪਣੇ 22 ਮਹੀਨਿਆਂ ਦੇ ਕਾਰਜਕਾਲ ਦੌਰਾਨ ਅਨੇਕਾਂ ਪਹਿਲਕਦਮੀਆਂ ਸਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਲੜਕੀਆਂ ਦੀ ਜਨਮ ਦਰ 1000 ਲੜਕਿਆਂ ਦੇ ਮੁਕਾਬਲੇ 963 ਹੈ, ਜੋ ਕਿ ਸੂਬੇ ਵਿੱਚ ਪਹਿਲੇ ਸਥਾਨ ‘ਤੇ ਹੈ। ਸਰਕਾਰੀ ਹਸਪਤਾਲ ਵਿੱਚ ਕਿਡਨੀ ਦੀ ਕੇਅਰ ਲਈ ਇੱਕ ਵਿਸ਼ੇਸ਼ ਥੈਲੇਸੀਮੀਆਂ ਯੂਨਿਟ ਲਗਾਇਆ ਗਿਆ ਹੈ, ਜਿਸ ਵਿੱਚ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਅਖਿਰ ਵਿੱਚ ਉਨ੍ਹਾਂ ਨੇ ਭਾਰਤ ਦੇ ਸਾਰੇ ਮਹਾਨ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹੋਏ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਦੀ ਤਰੱਕੀ ਦੀ ਕਾਮਨਾ ਕੀਤੀ ਅਤੇ ਇਸ ਪਵਿੱਤਰ ਦਿਹਾੜੇ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।

ਮੁੱਖ ਮਹਿਮਾਨ ਵੱਲੋਂ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਪ੍ਰੇਡ ਦਾ ਨਿਰੀਖਣ ਕੀਤਾ ਗਿਆ ਹੈ ਅਤੇ ਪ੍ਰੇਡ ਕਮਾਂਡਰ ਡੀ.ਐਸ.ਪੀ ਸ਼ਹਿਵਾਜ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀਆਂ ਦੋ ਟੁੱਕੜੀਆਂ ਜਿਸ ਦੀ ਅਗਵਾਈ ਏ.ਐਸ.ਈ. ਸਰਬਜੀਤ ਸਿੰਘ ਅਤੇ ਪਰਵੀਨ ਕੁਮਾਰ, ਪੰਜਾਬ ਮਹਿਲਾ ਪੁਲਿਸ ਦੀ ਅਗਵਾਈ ਏ.ਐਸ.ਈ ਅਮਰਜੀਤ ਕੌਰ ਕਰ ਰਹੇ ਸਨ, ਵੱਲੋਂ ਮਾਰਚ ਪਾਸਟ ਕੀਤਾ ਗਿਆ।

ਇਸ ਉਪਰੰਤ ਜ਼ਿਲ੍ਹਾ ਸਾਂਝ ਕੇਂਦਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸਿਹਤ ਵਿਭਾਗ, ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ, ਈ.ਓ. ਨਵਾਂਸ਼ਹਿਰ, ਸਮੇਤ ਵੱਖ-ਵੱਖ ਵਿਭਾਗਾਂ ਵੱਲੋਂ ਝਾਕੀਆਂ ਕੱਢੀਆਂ ਗਈਆਂ। ਇਸ ਉਪਰੰਤ ਸਕੂਲਾਂ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਭਰਪੂਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਵਧੀਆ ਸੇਵਾਵਾਂ ਨਿਭਾਉਣ ਦੇ ਲਈ 122 ਦੇ ਕਰੀਬ ਕਰਮਚਾਰੀਆਂ, ਖਿਡਾਰੀਆਂ ਅਤੇ ਪੰਜਾਬ ਪੁਲਿਸ ਦੇ ਮੁਲਾਜਮਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ 25 ਟਰਾਈਸਾਇਕਲ ਅਤੇ ਵੀਹਲਚੇਅਰ ਦੀ ਵੰਡ ਕੀਤੀ ਗਈ ਅਤੇ ਲੋੜਵੰਦ ਮਹਿਲਾਵਾਂ ਨੂੰ ਸਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ। ਅਖਿਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਰਾਸ਼ਟਰ ਗਾਣ ਨਾਲ ਹੋਈ। ਇਸ ਦੌਰਾਨ ਮੁੱਖ ਮਹਿਮਾਨ ਵੱਲੋਂ 27 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਦੇ ਸਵਾਗਤ ਲਈ ਪ੍ਰਸ਼ਾਸਨਿਕ ਅਧਿਕਾਰੀਆਂ ’ਚ ਏ ਡੀ ਸੀ (ਜ) ਰਾਜੀਵ ਵਰਮਾ, ਏ.ਡੀ.ਸੀ.(ਵਿਕਾਸ) ਸਾਗਰ ਸੇਤੀਆ, ਐਸ ਡੀ ਐਮ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ, ਸਹਾਇਕ ਕਮਿਸ਼ਨਰ ਜਨਰਲ ਗੁਰਲੀਨ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।