ਗਣਤੰਤਰਤਾ ਦਿਵਸ ਸਮਾਗਮ ਮਨਾਉਣ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕੀਤਾ ਮੀਟਿੰਗ ਦਾ ਆਯੋਜਨ
ਸਮਾਗਮ ਮੌਕੇ ਪੇਸ਼ ਕੀਤੀਆਂ ਜਾਣ ਵਾਲੀਆਂ ਝਾਕੀਆਂ ਦੀ ਕਰਵਾਈ ਜਾਵੇ ਸਹੀ ਤਿਆਰੀ -- ਡਿਪਟੀ ਕਮਿਸ਼ਨਰ
5 Dariya News
ਸ੍ਰੀ ਮੁਕਤਸਰ ਸਾਹਿਬ 19-Jan-2024
ਗਣਤੰਤਰਤਾ ਦਿਵਸ ਸਮਾਗਮ ਸਰਧਾ ਪੂਰਵਕ ਢੰਗ ਨਾਲ ਮਨਾਉਣ ਲਈ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਵੱਖ- ਵੱਖ ਵਿਭਾਗਾਂ ਦੇ ਜਿ਼ਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਣਤੰਤਰਤਾ ਦਿਵਸ ਸਮਾਗਮ 26 ਜਨਵਰੀ 2024 ਨੂੰ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਵੇਗਾ।
ਉਹਨਾਂ ਸਬੰਧਿਤ ਵਿਭਾਗਾਂ ਨੂੰ ਕਿਹਾ ਕਿ ਗਣਤੰਤਰਤਾ ਦਿਵਸ ਸਮਾਗਮ ਇੱਕ ਕੌਮੀ ਦਿਹਾੜਾ ਹੈ, ਇਸ ਦਿਹਾੜੇ ਨੂੰ ਮਨਾਉਣ ਲਈ ਜਿਸ ਵੀ ਵਿਭਾਗ ਦੇ ਜੁੰਮੇ ਜੋ ਵੀ ਡਿਊਟੀ ਲਗਾਈ ਗਈ ਹੈ, ਉਸਨੂੰ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਜਿ਼ਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਉਹਨਾਂ ਕਾਰਜ ਸਾਧਕ ਅਫਸਰ ਨੂੰ ਕਿਹਾ ਕਿ ਖੇਡ ਸਟੇਡੀਅਮ ਤੋਂ ਇਲਾਵਾ ਸ਼ਹਿਰ ਦੀ ਸਾਫ ਸਫਾਈ ਵੱਲ ਉਚੇਚਾ ਧਿਆਨ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹਨਾਂ ਵਿਭਾਗਾਂ ਦੀ ਸਮਾਗਮ ਵਾਲੇ ਦਿਨ ਝਾਕੀਆਂ ਦੀ ਪੇਸ਼ਕਾਰੀ ਕੀਤੀ ਜਾਣੀ ਹੈ, ਉਹਨਾਂ ਝਾਕੀਆਂ ਦੀ ਸਹੀ ਢੰਗ ਨਾਲ ਤਿਆਰੀ ਕਰਵਾਈ ਜਾਵੇ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਡਾ. ਨਯਨ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ੍ਰੀ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ), ਸ੍ਰੀ ਕੰਵਰਜੀਤ ਸਿੰਘ ਐਸ.ਡੀ.ਐਮ. ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।