ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਵੱਲੋਂ ਕਣਕ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਬੈਠਕਾਂ
ਬਿਨ੍ਹਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਕੀਤਾ ਧੰਨਵਾਦ
5 Dariya News
ਸ੍ਰੀ ਮੁਕਤਸਰ ਸਾਹਿਬ 12-Jan-2024
ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਆਈਏਐਸ ਨੇ ਬੀਤੇ ਦਿਨੀਂ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਕਣਕ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਝੋਨੇ ਦੀ ਪਰਾਲੀ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਇਸ ਦੌਰੇ ਦੌਰਾਨ ਉਨ੍ਹਾਂ ਨੇ ਵਿਸੇਸ਼ ਤੌਰ ’ਤੇ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਪਿੰਡ ਸਾਹਿਬ ਚੰਦ ਅਤੇ ਛੱਤੇਆਣਾ ਜਿੱਥੇ ਇਸ ਸਾਲ ਝੋਨੇ ਦੀ ਪਰਾਲੀ ਸਾੜਨ ਦਾ ਇਕ ਵੀ ਮਾਮਲਾ ਰਿਪੋਰਟ ਨਹੀਂ ਹੋਇਆ ਸੀ ਅਤੇ ਪਿੰਡ ਕੋਟਭਾਈ ਅਤੇ ਭਲਾਈਆਣਾ ਜਿੱਥੇ ਮੁਕਾਬਲਤਨ ਜਿਆਦਾ ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਸਨ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਵੇਲੇ ਪ੍ਰਸ਼ਾਸਨ ਲਗਾਤਾਰ ਕਿਸਾਨਾਂ ਨੂੰ ਪ੍ਰੇਰਿਤ ਕਰ ਰਿਹਾ ਸੀ ਕਿ ਪਰਾਲੀ ਨਾ ਸਾੜੀ ਜਾਵੇ ਅਤੇ ਹੁਣ ਉਹ ਦੁਬਾਰਾ ਕਿਸਾਨਾਂ ਕੋਲ ਆਏ ਹਨ ਤਾਂ ਜੋ ਉਨ੍ਹਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਲਗਾਤਾਰ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰੇ ਅਤੇ ਕਿਸਾਨਾਂ ਨੂੰ ਫਸਲਾਂ ਦੀ ਕਾਸ਼ਤ ਸਬੰਧੀ ਹਰ ਪ੍ਰਕਾਰ ਦੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਤੋਂ ਚੰਗੀ ਉਪਜ ਮਿਲ ਸਕੇ।
ਉਨ੍ਹਾਂ ਨੇ ਖੇਤੀਬਾੜੀ ਵਿਭਾਗ ਨੂੰ ਕਿਹਾ ਕਿ ਜਿੰਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਬਿਨ੍ਹਾਂ ਸਾੜੇ ਪਰਾਲੀ ਖੇਤ ਵਿੱਚ ਮਿਲਾ ਕੇ ਕਣਕ ਦੀ ਬਿਜਾਈ ਕੀਤੀ ਸੀ ਉਨ੍ਹਾਂ ਦੇ ਖੇਤ ਹੋਰ ਕਿਸਾਨਾਂ ਨੂੰ ਵਿਖਾਏ ਜਾਣ ਤਾਂ ਜੋ ਕਿਸਾਨ ਇਕ ਦੂਜੇ ਦੇ ਤਜਰਬਿਆਂ ਤੋਂ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਹੋਣ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਸਾਨਾਂ ਤੋਂ ਪਰਾਲੀ ਸਾੜਨ ਦੀਆਂ ਉਨ੍ਹਾਂ ਦੀਆਂ ਮਜਬੂਰੀਆਂ ਬਾਰੇ ਵੀ ਜਾਣਿਆਂ ਤਾਂ ਜੋ ਅਗਲੇ ਸਾਲ ਲਈ ਪ੍ਰਸ਼ਾਸਨ ਹੁਣ ਤੋਂ ਹੀ ਉਸੇ ਅਨੁਸਾਰ ਵਿਊਂਤਬੰਦੀ ਕਰ ਸਕੇ।
ਇਸ ਮੌਕੇ ਕੁਝ ਕਿਸਾਨਾਂ ਨੇ ਕਣਕ ਵਿਚ ਗੁਲਾਬੀ ਸੂੰਡੀ ਬਾਰੇ ਦੱਸਿਆ ਜਿਸ ਤੇ ਮੁੱਖ ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਦਾ ਕਾਰਨ ਪਰਾਲੀ ਨਹੀਂ ਸੀ ਸਗੋਂ ਸਰਦੀ ਦਾ ਲੇਟ ਆਉਣਾ ਸੀ। ਉਨ੍ਹਾਂ ਨੇ ਕਿਹਾ ਕਿ ਵਿਭਾਗ ਲਗਾਤਾਰ ਕਿਸਾਨਾਂ ਨਾਲ ਰਾਬਤਾ ਰੱਖ ਰਿਹਾ ਹੈ।