ਲਾਈਟ ਐਂਡ ਸਾਊਂਡ ਪ੍ਰੋਗਰਾਮ ਅਤੇ ਹੁਨਰ ਹਾਟ ਦਾ ਡਿਪਟੀ ਕਮਿਸ਼ਨਰ ਵੱਲੋਂ ਪੋਸਟਰ ਜਾਰੀ
14 ਅਤੇ 15 ਨੂੰ ਹੋਵੇਗਾ ਲਾਈਟ ਐਂਡ ਸਾਊਂਡ ਪ੍ਰੋਗਰਾਮ, 13 ਤੋਂ 15 ਤੱਕ ਲੱਗੇਗੀ ਹੁਨਰ ਹਾਟ
5 Dariya News
ਸ੍ਰੀ ਮੁਕਤਸਰ ਸਾਹਿਬ 11-Jan-2024
ਮਾਘੀ ਦੇ ਮੌਕੇ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਕਰਵਾਏ ਜਾ ਰਹੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਅਤੇ ਹੁਨਰ ਹਾਟ ਦਾ ਪੋਸਟਰ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਅਤੇ ਐਸਐਸਪੀ ਸ੍ਰੀ ਭਾਗੀਰਥ ਮੀਨਾ ਨੇ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਏਡੀਸੀ ਜਨਰਲ ਡਾ: ਨਯਨ, ਏਡੀਸੀ ਡੀ ਸ੍ਰੀ ਸੁਰਿੰਦਰ ਸਿੰਘ, ਐਸਡੀਐਮ ਸ੍ਰੀ ਕੰਵਰਜੀਤ ਸਿੰਘ ਵੀ ਵਿਸ਼ੇਸ ਤੌਰ ਤੇ ਹਾਜਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਪਾਰਕ ਵਿਚ ਮਿਤੀ 14 ਅਤੇ 15 ਜਨਵਰੀ ਨੂੰ ਸ਼ਾਮ ਸਮੇਂ ਲਾਈਟ ਐਂਡ ਸਾਊਂਡ ਪ੍ਰੋਗਰਾਮ ਸਰਬੰਸਦਾਨੀ ਦੀ ਪੇਸ਼ਕਾਰੀ ਹੋਵੇਗੀ। ਇਹ ਪ੍ਰੋਗਰਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ’ਤੇ ਅਧਾਰਤ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਤਰਾਂ ਦਾ ਆਯੋਜਨ ਪਹਿਲੀ ਵਾਰ ਹੋ ਰਿਹਾ ਹੈ।ਇਸ ਵਿਚ ਗੱਤਕੇ ਸਮੇਤ ਸਾਡੀ ਵਿਰਾਸਤ ਦੇ ਹੋਰ ਗੌਰਵਸ਼ਾਲੀ ਰੰਗ ਵੀ ਹੋਣਗੇ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਸ ਤੋਂ ਬਿਨ੍ਹਾਂ ਗੁਰੂ ਗੋਬਿੰਦ ਸਿੰਘ ਪਾਰਕ ਵਿਚ ਹੀ 13 ਤੋਂ 15 ਜਨਵਰੀ ਤੱਕ ਹੁਨਰ ਹਾਟ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਜਿਸ ਵਿਚ ਵੱਖ ਵੱਖ ਦਸਤਕਾਰਾਂ ਦੇ ਕਲਾਤਮਕ ਸਮਾਨ, ਸਵੈ ਸਹਾਇਤਾਂ ਸਮੂਹਾਂ ਦੇ ਸਟਾਲ, ਰਵਾਇਤੀ ਭੋਜਨ ਸਟਾਲ, ਪੁਸਤਕ ਪ੍ਰਦਰਸ਼ਨੀਆਂ, ਦਸਤਾਰ ਸਿਖਲਾਈ ਕੈਂਪ ਆਦਿ ਸ਼ਾਮਿਲ ਹੋਣਗੇ।ਡਿਪਟੀ ਕਮਿਸ਼ਨਰ ਨੇ ਸਮੂਹ ਸੰਗਤ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਆਯੋਜਨ ਵਿਚ ਪਹੁੰਚਣ ਦਾ ਹਾਰਦਿਕ ਸੱਦਾ ਦਿੰਦਿਆਂ ਕਿਹਾ ਕਿ ਲਾਇਟ ਐਂਡ ਸਾਊਂਡ ਪ੍ਰੋਗਰਾਮ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਗੌਰਵਸ਼ਾਲੀ ਇਤਿਹਾਸ ਤੋਂ ਜਾਣੂ ਕਰਵਾਏਗਾ। ਹੁਨਰ ਹਾਟ ਅਤੇ ਲਾਟੀਟ ਐਂਡ ਸਾਉਂਡ ਪ੍ਰੋਗਰਾਮ ਵਿਚ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ।
ਇਸ ਮੌਕੇ ਉਨ੍ਹਾਂ ਨੇ ਮਾਘੀ ਦੀਆਂ ਤਿਆਰੀਆਂ ਦੀ ਸਮੀਖਿਆ ਬੈਠਕ ਵੀ ਕੀਤੀ ਅਤੇ ਜ਼ਿਲ੍ਹੇ ਦਾ ਮਾਘੀ ਸਬੰਧੀ ਕਮਿਊਨੀਕੇਸ਼ਨ ਪਲਾਨ ਵੀ ਜਾਰੀ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮਾਘੀ ਲਈ ਸਿਵਲ ਕੰਟਰੋਲ ਰੂਮ ਦਾ ਨੰਬਰ 01633-262665 ਹੋਵੇਗਾ। ਬੈਠਕ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਸਰੋਜ ਬਾਲਾ, ਤਹਿਸੀਲਦਾਰ ਸ੍ਰੀ ਸੁਖਬੀਰ ਸਿੰਘ, ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਸ੍ਰੀ ਰਜਨੀਸ਼ ਕੁਮਾਰ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ੍ਰੀ ਗੁਰਪ੍ਰੀਤ ਸਿੰਘ ਵੀ ਹਾਜਰ ਸਨ।