ਰੈਡ ਕ੍ਰਾਸ ਦੀ ਗਿਆਨਸ਼ਾਲਾ ਦਾ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਕੀਤਾ ਉਦਘਾਟਨ
ਨੌਜਵਾਨਾਂ ਲਈ ਸਿੱਧ ਹੋਵੇਗੀ ਵਰਦਾਨ
5 Dariya News
ਸ੍ਰੀ ਮੁਕਤਸਰ ਸਾਹਿਬ 10-Jan-2024
ਜ਼ਿਲ੍ਹਾ ਰੈਡ ਕ੍ਰਾਸ ਸੁਸਾਇਟੀ ਵੱਲੋਂ ਸਥਾਪਿਤ ਗਿਆਨਸ਼ਾਲਾ ਦਾ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਰੈਡ ਕ੍ਰਾਸ ਭਵਨ ਵਿਖੇ ਉਦਘਾਟਨ ਕੀਤਾ। ਇਹ ਗਿਆਨਸ਼ਾਲਾ (ਲਾਇਬੇ੍ਰਰੀ) ਦੇ ਨਵੇਂ ਰੂਪ ਵਿਚ ਸ਼ੁਰੂ ਹੋਣ ਨਾਲ ਜ਼ਿਲ੍ਹੇ ਦੇ ਨੌਜਵਾਨਾਂ ਖਾਸ ਕਰਕੇ ਜੋ ਪ੍ਰਤਿਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ ਉਨ੍ਹਾਂ ਨੂੰ ਵੱਡਾ ਲਾਹਾ ਮਿਲੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਦੱਸਿਆ ਕਿ ਇਹ ਗਿਆਨਸ਼ਾਲਾ ਸਾਹਿਤਕ ਪੁਸਤਕਾਂ ਦੀ ਲਾਇਬ੍ਰੇਰੀ ਵੱਜੋਂ ਤਾਂ ਕੰਮ ਕਰੇਗੀ ਹੀ ਪਰ ਸਾਡੇ ਸੂਬੇ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਲਈ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਿਚ ਵੀ ਇਹ ਗਿਆਨਸ਼ਾਲਾ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਹੈ ਕਿ ਸਾਡੇ ਜਿ਼ਲ੍ਹੇ ਦੇ ਨੌਜਵਾਨ ਪ੍ਰੀਖਿਆਵਾਂ ਦੀ ਤਿਆਰੀ ਕਰਕੇ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਹੋਰ ਸਰਕਾਰੀ ਅਦਾਰਿਆਂ ਵਿਚ ਜਿਆਦਾ ਤੋਂ ਜਿਆਦਾ ਸਰਕਾਰੀ ਨੌਕਰੀਆਂ ਹਾਸਲ ਕਰ ਸਕਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੁਸਤਕ ਮਨੁੱਖ ਦਾ ਅਜਿਹਾ ਦੋਸਤ ਹੈ ਜੋ ਸਾਨੂੰ ਜੀਵਨ ਦੇ ਹਰ ਸੰਘਰਸ਼ ਲਈ ਤਿਆਰ ਕਰਦਾ ਹੈ। ਉਨ੍ਹਾਂ ਨੇ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਜਲਦ ਹੀ ਇਸ ਲਾਇਬੇ੍ਰਰੀ ਦੀ ਡਿਜਟਿਲ ਵਿਭਾਗ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ਜਿਸ ਰਾਹੀਂ ਬੱਚੇ ਦੁਨੀਆਂ ਭਰ ਦੇ ਸਾਹਿਤ ਨਾਲ ਜੁੜ ਸਕਣਗੇ ਅਤੇ ਨੈਸ਼ਨਲ ਡਿਜਟਿਲ ਲਾਇਬ੍ਰੇਰੀ ਵੀ ਉਨ੍ਹਾਂ ਲਈ ਇਸ ਵਿਚ ਉਪਲਬੱਧ ਹੋਵੇਗੀ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀਆਂ ਜਰੂਰਤ ਦੀਆਂ ਕਿਤਾਬਾਂ ਬਾਰੇ ਦੱਸਣ ਤਾਂ ਉਨ੍ਹਾਂ ਨੂੰ ਹੋਰ ਕਿਤਾਬਾਂ ਵੀ ਲੈ ਕੇ ਮੁਹਈਆ ਕਰਵਾ ਦਿੱਤੀਆਂ ਜਾਣਗੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਨਯਨ, ਐਸਡੀਐਮ ਸ੍ਰੀ ਕੰਵਰਜੀਤ ਸਿੰਘ, ਤਹਿਸੀਲਦਾਰ ਸ੍ਰੀ ਸੁਖਬੀਰ ਸਿੰਘ ਬਰਾੜ, ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਜਗਮੋਹਨ ਸਿੰਘ ਮਾਨ, ਮੁੱਖ ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ, ਡਿਪਟੀ ਡੀਈਓ ਸ੍ਰੀ ਕਪਿਲ ਸ਼ਰਮਾ ਵੀ ਹਾਜਰ ਸਨ।