ਮਾਘੀ ਮੇਲੇ ਸਬੰਧੀ ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਰਿਵਿਊ ਮੀਟਿੰਗ
5 Dariya News
ਸ੍ਰੀ ਮੁਕਤਸਰ ਸਾਹਿਬ 04-Jan-2024
ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਇਤਿਹਾਸਕ ਮਾਘੀ ਮੇਲੇ ਦੇ ਅਗੇਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ, ਸ੍ਰੀ ਮੁੁਕਤਸਰ ਸਾਹਿਬ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰਿਵਿਊ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਘੀ ਮੇਲੇ ਨੂੰ ਸੰਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਸ੍ਰੀ ਮੁਕਤਸਰ ਸਾਹਿਬ ਨੂੰ ਸੱਤ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਇਹਨਾਂ ਸੈਕਟਰਾਂ ਵਿੱਚ ਸੈਕਟਰ ਅਫਸਰਾਂ ਤੋਂ ਇਲਾਵਾ ਮੈਡੀਕਲ ਟੀਮਾਂ ਅਤੇ ਪੁਲਿਸ ਟੀਮਾਂ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਲੋੜ ਸਮੇਂ ਸ਼ਰਧਾਲੂਆਂ ਦੀ ਸਹਾਇਤਾਂ ਕੀਤੀ ਜਾ ਸਕੇ।
ਉਹਨਾਂ ਕਾਰਜ ਸਾਧਕ ਅਫਸਰ ਨੂੰ ਹਦਾਇਤ ਕੀਤੀ ਕਿ ਮਾਘੀ ਮੇਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਵਿੱਚ ਨਜਾਇਜ ਕਬਜੇ ਛੁਡਵਾਏ ਜਾਣ। ਇਸ ਤੋਂ ਇਲਾਵਾ ਸ਼ਹਿਰ ਦੀਆਂ ਗਲੀਆਂ,ਸੜਕਾਂ ਅਤੇ ਖਾਲੀ ਪਲਾਟਾਂ ਵਿੱਚ ਨਜਾਇਜ ਕੂੜਾ ਸੁੱਟਣ ਵਾਲਿਆਂ ਦੇ ਚਲਾਨ ਕੀਤੇ ਜਾਣ ਅਤੇ ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ।
ਉਹਾਨਾਂ ਨਗਰ ਕੌਸਲ ਅਤੇ ਪਾਵਰ ਕਾਮ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਕਿ ਸਰਕਾਰੀ ਬਿਜਲੀ ਦੇ ਖੰਭਿਆਂ ਅਤੇ ਸੜਕਾਂ ਤੇ ਲੱਗੇ ਨਜਾਇਜ਼ ਫਲੈਕਸ ਹੋਰਡਿੰਗ ਨੂੰ ਉਤਰਵਾਉਣ ਲਈ ਅਗਲੇਰੀ ਕਾਰਵਾਈ ਕੀਤੀ ਜਾਵੇ। ਉਹਨਾਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਹਦਾਇਤ ਕੀਤੀ ਕਿ ਸੀਵਰੇਜ਼ ਦੇ ਮੈਨ ਹੋਲਾਂ ਦੀ ਸਫਾਈ ਕੀਤੀ ਜਾਵੇ ਤਾਂ ਜੋ ਮੇਲੇ ਦੌਰਾਨ ਸ਼ਰਧਾਲੂਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਸੀਵਰੇਜ਼ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਇਸ ਤੋਂ ਇਲਾਵਾ ਸ਼ਰਧਾਲੂਆਂ ਲਈ ਆਰਜੀ ਪਖਾਨਿਆਂ ਦਾ ਪ੍ਰਬੰਧ ਵੀ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਤਿਹਾਸਕ ਮਾਘੀ ਮੇਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਘਰਾਂ ਦਾ ਕੂੜਾ ਕਚਰਾ ਗਲੀਆਂ ਅਤੇ ਸੜਕਾਂ ਤੇ ਸੁੱਟਣ ਦੀ ਬਜਾਏ ਕੂੜਾ ਕੁਲੈਕਸ਼ਨ ਕਰਨ ਆਏ ਕਰਮਚਾਰੀ ਜਾਂ ਕੂੜਾਂ ਸੁੱਟਣ ਲਈ ਨਿਰਧਾਰਿਤ ਕੀਤੀਆਂ ਡੰਪ ਵਾਲੀਆਂ ਥਾਵਾਂ ਤੇ ਹੀ ਸੁੱਟਿਆ ਜਾਵੇ। ਉਹਨਾਂ ਬੀ.ਐਂਡ ਆਰ (ਸੜਕਾਂ), ਮੰਡੀ ਬੋਰਡ ਅਤੇ ਨਗਰ ਕੌਸਲ ਨੂੰ ਹਦਾਇਤਾਂ ਕੀਤੀ ਕਿ ਸ੍ਰੀ ਮੁੁਕਤਸਰ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਦੀ ਮੁੁਰੰਮਤ ਕੀਤੀ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਨਯਨ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ੍ਰੀ ਸੁਰਿੰਦਰ ਸਿੰਘ ਢਿਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ),ਐਸ.ਡੀ.ਐਮ, ਸ੍ਰੀ ਮੁੁਕਤਸਰ ਸਾਹਿਬ, ਸ੍ਰੀ ਕੰਵਰਜੀਤ ਸਿੰਘ, ਐਸ.ਡੀ.ਐਮ.ਮਲੋਟ ਡਾ. ਸੰਜੀਵ ਕੁਮਾਰ,ਜਿ਼ਲ੍ਹਾ ਮਾਲ ਅਫ਼ਸਰ, ਸ੍ਰੀਮਤੀ ਸਰੋਜ ਰਾਣੀ, ਕਾਰਜ ਸਾਧਕ ਅਫ਼ਸਰ, ਸ੍ਰੀ ਰਜਨੀਸ਼ ਗਿਰਧਰ, ਜ਼ਿਲ੍ਹ ਭਲਾਈ ਅਫ਼ਸਰ, ਸ੍ਰੀ ਜਗਮੋਹਣ ਸਿੰਘ, ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।