5 Dariya News

540 ਮੈਗਾਵਾਟ ਦੇ ਥਰਮਲ ਪਾਵਰ ਪਲਾਂਟ ਦੀ ਖਰੀਦ ਨਾਲ ਸੂਬੇ ਵਿੱਚ ਬਿਜਲੀ ਉਤਪਾਦਨ ਵਿੱਚ ਵਾਧਾ ਹੋਵੇਗਾ: ਡਾਇਰੈਕਟਰ ਐਡਮਿਨ ਜਸਬੀਰ ਸਿੰਘ ਸੁਰ ਸਿੰਘ

5 Dariya News

ਤਰਨ ਤਾਰਨ 03-Jan-2024

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਡਾਇਰੈਕਟਰ ਐਡਮਿਨ ਜਸਬੀਰ ਸਿੰਘ ਸੁਰ ਸਿੰਘ ਨੇ ਗੋਇੰਦਵਾਲ ਸਾਹਿਬ ਵਿਖੇ 540 ਮੈਗਾਵਾਟ ਦੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਨੂੰ ਸੂਬਾ ਸਰਕਾਰ ਵੱਲੋਂ ਸਫਲਤਾਪੂਰਵਕ ਐਕੁਆਇਰ ਕਰਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਰਣਨੀਤਕ ਕਦਮ ਵੱਡੀ ਗਿਣਤੀ ਵਿੱਚ ਖਪਤਕਾਰਾਂ, ਖਾਸ ਕਰਕੇ ਤਰਨਤਾਰਨ ਜ਼ਿਲ੍ਹੇ ਅਤੇ ਆਸ-ਪਾਸ ਦੇ ਖੇਤਰਾਂ ਲਈ ਕਾਫ਼ੀ ਫਾਇਦੇਮੰਦ ਹੋਵੇਗਾ।

ਇਸ ਲੜੀ ਹੇਠ, 1080 ਕਰੋੜ ਰੁਪਏ ਦੀ ਲਾਗਤ ਨਾਲ ਐਕੁਆਇਰ ਕੀਤੇ ਗਏ ਥਰਮਲ ਪਾਵਰ ਪਲਾਂਟ ਦਾ ਨਾਂ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖ ਕੇ ਤੀਜੇ ਸਿੱਖ ਗੁਰੂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਡਾਇਰੈਕਟਰ ਐਡਮਿਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਦਮ ਸੂਬੇ ਵਿੱਚ ਬਿਜਲੀ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਦਿਆਂ ਬਿਜਲੀ ਉਤਪਾਦਨ ਨੂੰ ਹੁਲਾਰਾ ਦੇਣ ਲਈ ਇੱਕ ਮਹੱਤਵਪੂਰਨ ਉਪਰਾਲਾ ਹੈ।

ਡਾਇਰੈਕਟਰ ਐਡਮਿਨ ਨੇ ਇਸ ਐਕਵਾਇਰ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਖੁਲਾਸਾ ਕੀਤਾ ਕਿ ਇਹ ਪੰਜਾਬ ਭਰ ਵਿੱਚ ਬਿਜਲੀ ਦੀ ਵੰਡ ਨੂੰ ਵਧਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।  ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਬਿਜਲੀ ਵੰਡ ਦੀ ਕੁਸ਼ਲਤਾ ਨੂੰ ਸੁਧਾਰਨ ਅਤੇ ਸੂਬੇ ਦੇ ਵਸਨੀਕਾਂ ਲਈ ਇਸਨੂੰ ਹੋਰ ਕਿਫਾਇਤੀ ਬਣਾਉਣ ਹਿੱਤ ਕੀਤੇ ਜਾ ਰਹੇ ਅਹਿਮ ਯਤਨਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਪੰਚਵਾੜਾ ਕੋਲਾ ਖਾਨ ਤੋਂ ਕੋਲੇ ਦੀ ਸਪਲਾਈ ਮੁੜ ਸ਼ੁਰੂ ਕੀਤੀ ਸੀ, ਜੋ ਕਰੀਬ ਅੱਠ ਸਾਲਾਂ ਤੋਂ ਰੁਕੀ ਹੋਈ ਸੀ।  ਇਹ ਕੋਲਾ, ਜੋ ਕਿ ਸਿਰਫ ਸਰਕਾਰੀ ਪਾਵਰ ਪਲਾਂਟਾਂ ਲਈ ਅਲਾਟ ਕੀਤਾ ਜਾਂਦਾ ਹੈ, ਦੀ ਵਰਤੋਂ ਹੁਣ ਬਿਜਲੀ ਪੈਦਾ ਕਰਦਿਆਂ ਸੂਬੇ ਦੇ ਹਰ ਖੇਤਰ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕਦੀ ਹੈ। ਡਾਇਰੈਕਟਰ ਐਡਮਿਨ ਨੇ ਕਿਹਾ ਕਿ 540 ਮੈਗਾਵਾਟ ਦੇ ਥਰਮਲ ਪਾਵਰ ਪਲਾਂਟ ਦੀ ਖਰੀਦ ਪੰਜਾਬ ਦੇ ਨਾਗਰਿਕਾਂ ਨੂੰ ਭਰੋਸੇਯੋਗ ਅਤੇ ਸਸਤੀ ਬਿਜਲੀ ਪ੍ਰਦਾਨ ਕਰਨ ਹਿੱਤ ਸਰਕਾਰ ਦੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਨੂੰ ਦਰਸਾਉਂਦੀ ਹੈ।