5 Dariya News

ਨਿਰੰਕਾਰੀ ਮਿਸ਼ਨ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ

111 ਸ਼ਰਧਾਲੂਆਂ ਨੇ ਕੀਤਾ ਖੂਨਦਾਨ

5 Dariya News

ਮੁਹਾਲੀ 24-Dec-2023

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਅੱਜ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਨਿਰੰਕਾਰੀ ਮਿਸ਼ਨ ਦਾ ਸਮਾਜ ਭਲਾਈ ਵਿਭਾਗ) ਵੱਲੋਂ ਸਥਾਨਕ ਸੈਕਟਰ 74 ਏ, ਟੀ.ਡੀ.ਆਈ ਸਿਟੀ ਮੋਹਾਲੀ ਦੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।  ਜਿਸ ਵਿੱਚ 111 ਸ਼ਰਧਾਲੂਆਂ ਨੇ ਖੂਨਦਾਨ ਕੀਤਾ ਅਤੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਸਾਰਿਆਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ।

 ਇਸ ਖੂਨਦਾਨ ਕੈਂਪ ਦਾ ਉਦਘਾਟਨ ਸੰਤ ਨਿਰੰਕਾਰੀ ਮੰਡਲ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਸ਼੍ਰੀ ਓ.ਪੀ.ਨਿਰੰਕਾਰੀ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੌਕੇ ਮੋਹਾਲੀ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਸ਼੍ਰੀਮਤੀ ਪ੍ਰਭਜੋਤ ਕੌਰ ਜੀ ਹਾਜ਼ਰ ਸਨ। ਸ਼੍ਰੀ ਨਿਰੰਕਾਰੀ ਜੀ ਨੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੇ ਪ੍ਰੇਰਨਾਦਾਇਕ ਸੰਦੇਸ਼ ਨੂੰ ਯਾਦ ਕਰਵਾਇਆ ਕਿ "ਖੂਨ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ ਨਾ ਕਿ ਨਾਲੀਆਂ ਵਿੱਚ"। ਲੋੜਵੰਦ ਵਿਅਕਤੀਆਂ ਲਈ ਖੂਨਦਾਨ ਕਰਨਾ ਇੱਕ ਮਹਾਨ ਦਾਨ ਹੈ।

ਸੰਤ ਨਿਰੰਕਾਰੀ ਮਿਸ਼ਨ ਹੁਣ ਤੱਕ 7927 ਖ਼ੂਨਦਾਨ ਕੈਂਪ ਲਗਾ ਕੇ 12,98,971 ਯੂਨਿਟ ਖ਼ੂਨਦਾਨ ਕਰ ਚੁੱਕਾ ਹੈ। ਮੋਹਾਲੀ ਬ੍ਰਾਂਚ ਦੀ ਸੰਯੋਜਕ ਸ਼੍ਰੀਮਤੀ ਡਾ.ਜੇ.ਕੇ.ਚੀਮਾ ਨੇ ਕਿਹਾ ਕਿ ਮਾਨਵ ਕਲਿਆਣ ਲਈ ਸੰਤ ਨਿਰੰਕਾਰੀ ਮਿਸ਼ਨ ਸਮੇਂ-ਸਮੇਂ 'ਤੇ ਨਾ ਸਿਰਫ ਭਾਰਤ ਦੇ ਕੋਨੇ-ਕੋਨੇ 'ਚ ਖੂਨਦਾਨ ਕੈਂਪ ਆਯੋਜਿਤ ਕਰਦਾ ਹੈ, ਸਗੋਂ ਰੁੱਖ ਲਗਾਉਣ, ਸਫਾਈ ਅਭਿਆਨ ਆਦਿ ਦਾ ਆਯੋਜਨ ਵੀ ਕਰਦਾ ਹੈ। ਅਚਨਚੇਤ ਭੁਚਾਲ ਜਾਂ ਹੜ੍ਹ ਆਦਿ ਮੌਕੇ ਵੀ ਲੋੜਵੰਦਾਂ ਦੀ ਪੂਰੀ ਸਹਾਇਤਾ ਕੀਤੀ ਜਾਂਦੀ ਹੈ। ਇਸ ਕੈਂਪ ਵਿੱਚ ਸਿਵਲ ਹਸਪਤਾਲ ਮੋਹਾਲੀ ਦੇ ਬਲੱਡ ਬੈਂਕ ਤੋਂ ਏ.ਬੀ.ਓ ਡਾ.ਮਨਪ੍ਰੀਤ ਕੌਰ ਜੀ ਦੇ ਨਾਲ 12 ਮੈਂਬਰਾਂ ਦੀ ਟੀਮ ਨੇ ਖੂਨ ਦੇ ਯੂਨਿਟ ਇਕੱਠੇ ਕੀਤੇ।

ਅੰਤ ਵਿੱਚ ਸਥਾਨਕ ਮੁਖੀ ਸ਼੍ਰੀ ਗੁਰਪ੍ਰਤਾਪ ਸਿੰਘ ਜੀ ਨੇ  ਮੁੱਖ ਮਹਿਮਾਨ, ਸਾਰੇ ਪਤਵੰਤੇ ਸੱਜਣਾਂ ਖੂਨਦਾਨੀਆਂ ਅਤੇ ਸੇਵਾਦਲ ਦੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਤਿਗੁਰੂ ਮਾਤਾ ਜੀ ਦਾ ਉਪਦੇਸ਼ ਹੈ ਕਿ ਸਾਨੂੰ ਮਨੁੱਖਤਾ ਦੀ ਭਲਾਈ ਲਈ ਨਿਰਸਵਾਰਥ ਸੇਵਾ ਕਰਨੀ ਚਾਹੀਦੀ ਹੈ।ਇਸ ਮੌਕੇ ਸੰਤ ਨਿਰੰਕਾਰੀ ਸੇਵਾ ਦਲ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਆਪਣੀ ਪੂਰੀ ਸੇਵਾ ਨਿਭਾਈ।