ਸਿਹਤ ਵਿਭਾਗ ਵੱਲੋਂ ਨਿਮੋਨੀਆ ਤੋਂ ਬਚਾਅ ਸਬੰਧੀ ਜਾਗਰੂਕਤਾ ਪੋਸਟਰ ਜਾਰੀ
5 Dariya News
ਫਤਿਹਗੜ੍ਹ ਸਾਹਿਬ 22-Dec-2023
ਨਿਮੋਨੀਆ ਇੱਕ ਘਾਤਕ ਬਿਮਾਰੀ ਹੈ ਜੋ ਫੇਫੜਿਆਂ ਵਿੱਚ ਰੋਗਾਣੂਆ ਦੀ ਲਾਗ ਨਾਲ ਹੁੰਦੀ ਹੈ ਅਤੇ ਇਹ ਪੰਜ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਬਣਦੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਨਿਮੋਨੀਆ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਨਿਮੋਨੀਆ ਨਿਊਮੋਕੋਕਲ ਬੈਕਟੀਰੀਆ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ ਜੋ ਛੋਟੇ ਬੱਚਿਆਂ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ।
ਉਹਨਾਂ ਕਿਹਾ ਕਿ ਨਿਮੋਨੀਆ ਦੇ ਲੱਛਣ ਹੋਣ ਤੇ ਘਰੇਲੂ ਇਲਾਜ ਵਿੱਚ ਸਮਾਂ ਨਾ ਗਵਾਇਆ ਜਾਵੇ ਸਗੋਂ ਤੁਰੰਤ ਡਾਕਟਰੀ ਇਲਾਜ ਕਰਵਾਇਆ ਜਾਵੇ, ਇਸ ਨਾਲ ਬੱਚਿਆਂ ਦੀ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ । ਉਹਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਆਸ਼ਾ ਵਰਕਰਾਂ ਅਤੇ ਵਿਭਾਗ ਦੇ ਹੋਰ ਕਰਮਚਾਰੀਆਂ ਵੱਲੋਂ ਆਮ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ। ਜਿਲਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਖੰਘ, ਜੁਕਾਮ, ਸਾਹ ਦੀ ਗਤੀ ਤੇਜ਼ ਹੋਣਾ, ਤੇਜ ਬੁਖਾਰ, ਪੱਛਲੀ ਦਾ ਚੱਲਣਾ, ਖਾ ਪੀ ਨਾ ਸਕਣਾ, ਜਿਆਦਾ ਸੁਸਤੀ ਪੈਣਾ ਆਦਿ ਇਸਦੇ ਲੱਛਣ ਹੁੰਦੇ ਹਨ। ਬੱਚੇ ਵਿੱਚ ਅਜਿਹੇ ਲੱਛਣ ਹੋਣ ਤੇ ਸਾਨੂੰ ਤੁਰੰਤ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਬੱਚਿਆਂ ਨੂੰ ਅਜਿਹੀਆਂ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਨਿਰਧਾਰਤ ਟੀਕਾਕਰਨ ਸੂਚੀ ਅਨੁਸਾਰ ਟੀਕਾਕਰਨ ਕਰਾਉਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਤੇ ਬੱਚਿਆਂ ਦੇ ਮਾਹਰ ਡਾ ਗੁਰਮਹਿੰਦਰ ਸਿੰਘ, ਡਾ ਸਤਵਿੰਦਰ ਸਿੰਘ, ਡੀਪੀਐਮ ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ,ਏਐਮਓ ਨਰਿੰਦਰ ਸਿੰਘ,ਬੀਸੀਸੀ ਅਮਰਜੀਤ ਸਿੰਘ,ਮਨਵੀਰ ਸਿੰਘ, ਧਰਮ ਸਿੰਘ, ਮਾਨਵ ਸ਼ਾਹ ਆਦਿ ਹਾਜ਼ਰ ਸਨ।