5 Dariya News

ਜ਼ਿਲ੍ਹਾ ਹਸਪਤਾਲ ਦਾ ਮਾਅਰਕਾ : ਪੰਜਾਬ ਭਰ ’ਚ ਪਹਿਲੀ ਵਾਰ ਲੇਜ਼ਰ ਨਾਲ ਕੀਤਾ ਬਵਾਸੀਰ ਦਾ ਆਪਰੇਸ਼ਨ

ਸਰਕਾਰੀ ਸਿਹਤ ਸੰਸਥਾਵਾਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ : ਸਿਵਲ ਸਰਜਨ

5 Dariya News

ਐਸ.ਏ.ਐਸ.ਨਗਰ 19-Dec-2023

ਜ਼ਿਲ੍ਹਾ ਹਸਪਤਾਲ ਮੋਹਾਲੀ ਨੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਮਾਮਲੇ ’ਚ ਇਕ ਹੋਰ ਪ੍ਰਾਪਤੀ ਕੀਤੀ ਹੈ। ਹਸਪਤਾਲ ਦੇ ਸਰਜਰੀ ਵਿਭਾਗ ’ਚ ਪਹਿਲੀ ਵਾਰ ਮਰੀਜ਼ ਦੀ ਬਵਾਸੀਰ ਦਾ ਆਪਰੇਸ਼ਨ ਲੇਜ਼ਰ ਮਸ਼ੀਨ ਨਾਲ ਕੀਤਾ ਗਿਆ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਅਤੇ ਐਸ.ਐਮ.ਓ. ਡਾ. ਐਚ.ਐਸ.ਚੀਮਾ ਨੇ ਦਸਿਆ ਕਿ ਪੰਜਾਬ ਭਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ’ਚੋਂ ਜ਼ਿਲ੍ਹਾ ਹਸਪਤਾਲ ਮੋਹਾਲੀ ਅਜਿਹਾ ਪਹਿਲਾ ਹਸਪਤਾਲ ਹੈ ਜਿਥੇ ਲੇਜ਼ਰ ਨਾਲ ਬਵਾਸੀਰ ਦਾ ਆਪਰੇਸ਼ਨ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਇਸ ਕਾਮਯਾਬ ਆਪਰੇਸ਼ਨ ਦਾ ਸਿਹਰਾ ਲੈਪਰੋਸਕੋਪਿਕ ਸਰਜਨ ਡਾ. ਵਿਨੀਤ ਕੰਬੋਜ ਤੇ ਉਨ੍ਹਾਂ ਦੀ ਟੀਮ ਨੂੰ ਜਾਂਦਾ ਹੈ ਜਿਨ੍ਹਾਂ ਨੇ ਪੂਰੀ ਮਿਹਨਤ ਤੇ ਲਗਨ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿਤਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਬਵਾਸੀਰ ਦਾ ਲੇਜ਼ਰ ਆਪਰੇਸ਼ਨ ਸਿਰਫ਼ ਵੱਡੇ ਨਿੱਜੀ ਹਸਪਤਾਲਾਂ ਵਿਚ ਹੀ ਹੁੰਦਾ ਹੈ ਜਿਥੇ ਮਰੀਜ਼ ਨੂੰ ਕਾਫ਼ੀ ਫ਼ੀਸ ਅਦਾ ਕਰਨੀ ਪੈਂਦੀ ਹੈ ਜਦਕਿ ਸਰਕਾਰੀ ਹਸਪਤਾਲ ਵਿਚ ਉਸ ਨੂੰ ਨਾਮਾਤਰ ਫ਼ੀਸ ਦੇਣੀ ਪਈ ਹੈ। ਉਨ੍ਹਾਂ ਇਹ ਵੀ ਦਸਿਆ ਕਿ ਆਪਰੇਸ਼ਨ ਤੋਂ ਬਾਅਦ ਮਰੀਜ਼ ਦੀ ਹਾਲਤ ਬਿਲਕੁਲ ਠੀਕ ਹੈ ਅਤੇ ਉਸ ਨੂੰ ਕੁੱਝ ਘੰਟਿਆਂ ਬਾਅਦ ਛੁੱਟੀ ਦਿਤੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਹਸਪਤਾਲ ਦੇ ਸਰਜਰੀ ਵਿਭਾਗ ’ਚ ਮਾਹਰ ਡਾਕਟਰਾਂ ਦੁਆਰਾ ਵੱਖ-ਵੱਖ ਬੀਮਾਰੀਆਂ ਜਿਵੇਂ ਹਰਨੀਆਂ, ਪਥਰੀਆਂ, ਗਦੂਦਾਂ, ਬਵਾਸੀਰ ਆਦਿ ਦੇ ਸਫ਼ਲਤਾਪੂਰਵਰਕ ਆਪਰੇਸ਼ਨ ਕੀਤੇ ਜਾ ਰਹੇ ਹਨ। ਇਹ ਸਾਰੇ ਆਪਰੇਸ਼ਨ ਦੂਰਬੀਨ ਨਾਲ ਕੀਤੇ ਜਾਂਦੇ ਹਨ। ਉਨ੍ਹਾਂ ਦਸਿਆ ਕਿ ਕਈ ਮੁਸ਼ਕਲ ਕੇਸਾਂ ਨੂੰ ਵੀ ਹੱਲ ਕਰਦਿਆਂ ਮਰੀਜ਼ਾਂ ਨੂੰ ਬੀਮਾਰੀਆਂ ਤੋਂ ਨਿਜਾਤ ਦਿਵਾਈ ਗਈ ਹੈ।

ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਕਿਸੇ ਤਰ੍ਹਾਂ ਦੀ ਬੀਮਾਰੀ ਲਈ ਆਮ ਸਰਜਰੀ ਦੀ ਜ਼ਰੂਰਤ ਹੈ ਤਾਂ ਉਹ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਚ ਆ ਕੇ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਮੁਫ਼ਤ ਤੇ ਮਿਆਰੀ ਸਿਹਤ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਲੋਕਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਉੱਚ ਪਾਏ ਦੀਆਂ ਜਾਂਚ, ਇਲਾਜ ਤੇ ਸਰਜਰੀ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।