5 Dariya News

ਪੰਜਾਬ ਸਰਕਾਰ ਵੱਲੋਂ ਗਊ ਸੈੱਸ ਦੇ ਨਾਂ 'ਤੇ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਪੰਜਾਬ ਦੇ ਗਊਸ਼ਾਲਾਵਾਂ ਨੂੰ ਤੁਰੰਤ ਜਾਰੀ ਕੀਤੇ ਜਾਣ : ਸਵਾਮੀ ਕ੍ਰਿਸ਼ਨਾਨੰਦ

ਸਵਾਮੀ ਕ੍ਰਿਸ਼ਨਾਨੰਦ ਜੀ ਮਹਾਰਾਜ ਨੇ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ

5 Dariya News

ਚੰਡੀਗੜ੍ਹ 14-Dec-2023

ਪਿਛਲੇ 7-8 ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਗਊ ਸੈੱਸ ਵਜੋਂ ਇਕੱਠੀ ਕੀਤੀ ਗਊ ਫੰਡ ਦੀ ਸਾਰੀ ਰਕਮ ਵਿੱਤੀ ਸਾਧਨਾਂ ਨਾਲ ਜੂਝ ਰਹੇ ਸੂਬੇ ਦੇ ਸਮੂਹ ਗਊਸ਼ਾਲਾਵਾਂ ਵਿੱਚ ਵੰਡਣ ਦੀ ਸਥਾਈ ਨੀਤੀ ਲਾਗੂ ਕਰਨ ਦੀ ਮੰਗ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਜੀ ਪੁਰੋਹਿਤ ਦੇ ਅੱਗੇ ਇਕ ਮੰਗ ਪੱਤਰ ਰਾਹੀਂ ਗਊ ਸੇਵਾ ਮਿਸ਼ਨ ਦੇ ਸਰਵਉੱਚ ਪ੍ਰਧਾਨ ਪਰਮ ਪਵਿੱਤਰ ਸਵਾਮੀ ਸ਼੍ਰੀ ਕ੍ਰਿਸ਼ਨਾਨੰਦ ਜੀ ਮਹਾਰਾਜ ਦੀ ਅਗਵਾਈ ਹੇਠ ਅੱਜ ਇੱਕ ਵਫਦ ਨੇ ਰੱਖੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਰਕਾਰ ਦੇ ਸਾਬਕਾ ਮੀਡੀਆ ਸਲਾਹਕਾਰ ਅਤੇ ਭਾਜਪਾ ਆਗੂ ਵਿਨੀਤ ਜੋਸ਼ੀ ਅਤੇ ਗਊ ਸੇਵਾ ਮਿਸ਼ਨ ਦੇ ਅਧਿਕਾਰੀ ਜਵਾਹਰ ਖੁਰਾਣਾ ਆਦਿ ਹਾਜ਼ਰ ਸਨ।

ਸਵਾਮੀ ਕ੍ਰਿਸ਼ਨਾਨੰਦ ਜੀ ਮਹਾਰਾਜ ਨੇ ਰਾਜਪਾਲ ਨੂੰ ਦੱਸਿਆ ਕਿ ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨਾਲ ਸਿੱਧਾ ਸਹਿਯੋਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਜ਼ਿਆਦਾਤਰ ਗਊਆਂ ਅੰਗਹੀਣ, ਬਿਰਧ, ਬੇਸਹਾਰਾ, ਬਿਮਾਰ, ਦੁਰਘਟਨਾਗ੍ਰਸਤ ਅਤੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਬੁੱਚੜਖਾਨਿਆਂ ਤੋਂ ਬਚਾਈਆਂ ਗਈਆਂ ਗਊਆਂ ਹਨ, ਜਿਨ੍ਹਾਂ ਦੀ ਸੇਵਾ ਅਤੇ ਸਾਂਭ-ਸੰਭਾਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। 

ਇਸ ਤਰ੍ਹਾਂ ਗਊਸ਼ਾਲਾਵਾਂ ਹਾਦਸਿਆਂ ਨੂੰ ਰੋਕਣ, ਜੀਵ ਜੰਤੂਆਂ ਦੀ ਰੱਖਿਆ, ਖੇਤੀਬਾੜੀ ਅਤੇ ਵਾਤਾਵਰਨ ਦੀ ਸੁਰੱਖਿਆ ਆਦਿ ਲਈ ਰਾਜ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਵਿੱਚ ਸਹਾਈ ਹੋ ਰਹੇ ਹਨ।ਸਵਾਮੀ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ 2015 ਦੇ ਨੋਟੀਫਿਕੇਸ਼ਨ ਅਨੁਸਾਰ ਕਾਊਸੈਸ ਦੇ ਨਾਂ 'ਤੇ ਚਾਰ ਪਹੀਆ ਅਤੇ ਦੋਪਹੀਆ ਵਾਹਨ ਦੀ ਵਿਕਰੀ 'ਤੇ ਕ੍ਰਮਵਾਰ- 1000 ਰੁਪਏ ਅਤੇ 200 ਰੁਪਏ, ਅੰਗਰੇਜ਼ੀ ਸ਼ਰਾਬ ਦੀ ਬੋਤਲ ਤੇ 10 ਰੁਪਏ, ਦੇਸੀ ਸ਼ਰਾਬ ਦੀ ਬੋਤਲ ਤੇ 5 ਰੁਪਏ ਵਸੂਲੇ ਜਾਂਦੇ ਹਨ। ਬੀਅਰ 'ਤੇ 5 ਰੁਪਏ, ਏਸੀ ਮੈਰਿਜ ਪੈਲੇਸ ਦਾ 1000 ਰੁਪਏ ਪ੍ਰਤੀ ਪ੍ਰੋਗਰਾਮ, ਨਾਨ ਏਸੀ ਮੈਰਿਜ ਪੈਲੇਸ ਦਾ ਪ੍ਰੋਗਰਾਮ 500 ਰੁਪਏ, ਤੇਲ ਟੈਂਕਰ ਦਾ 100 ਰੁਪਏ ਪ੍ਰਤੀ ਰਾਊਂਡ, ਸੀਮਿੰਟ ਦੀ ਬੋਰੀ 1 ਰੁਪਏ ਅਤੇ ਬਿਜਲੀ ਤੇ 2 ਪੈਸੇ ਪ੍ਰਤੀ ਯੂਨਿਟ ਇਕੱਠਾ ਜਾ ਰਿਹਾ ਹੈ।

 ਇੰਨਾ ਹੀ ਨਹੀਂ ਪੰਜਾਬ ਦੀਆਂ ਸਾਰੀਆਂ ਨਗਰ ਨਿਗਮਾਂ ਅਤੇ ਮਿਉਂਸਪਲ ਕਮੇਟੀਆਂ ਵੱਲੋਂ ਗਊਆਂ ਦੇ ਨਾਂ 'ਤੇ ਕਰੋੜਾਂ ਰੁਪਏ ਦੇ ਫੰਡ ਇਕੱਠੇ ਕੀਤੇ ਜਾ ਰਹੇ ਹਨ। ਸਵਾਮੀ ਜੀ ਨੇ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕਈ ਸਾਲਾਂ ਤੋਂ ਕਾਉ ਸੈੱਸ ਤੋਂ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਵਿੱਤੀ ਸਾਧਨਾਂ ਨਾਲ ਜੂਝ ਰਹੇ ਸੂਬੇ ਦੇ ਸਾਰੇ ਗਊਸ਼ਾਲਾਵਾਂ ਨੂੰ ਤੁਰੰਤ ਜਾਰੀ ਕੀਤੇ ਜਾਣ।