5 Dariya News

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਨੀਤੀਆਂ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾ ਰਹੀਆਂ ਹਨ : ਸੋਮ ਪ੍ਰਕਾਸ਼

ਵਿਸ਼ਵਕਰਮਾ ਸਕੀਮ, ਡਰੋਨ ਦੀਦੀ ਸਕੀਮ ਦਾ ਸਾਰਿਆਂ ਨੂੰ ਲਾਭ ਉਠਾਉਣ ਦਾ ਦਿੱਤਾ ਸੱਦਾ

5 Dariya News

ਫਗਵਾੜਾ 10-Dec-2023

ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਰਾਹੀਂ ਦੇਸ਼ ਦੇ ਹਰ ਨਾਗਰਿਕ ਨੂੰ ਸਸ਼ਕਤ ਬਣਾਉਣ ਦੀਆਂ ਨੀਤੀਆਂ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦਾ ਪ੍ਰਧਾਨ ਮੰਤਰੀ ਦਾ ਸੰਕਲਪ ਭਾਰਤ ਨੂੰ ਵਿਸ਼ਵ ਗੁਰੂ  ਬਣਾਉਣ ਦੀ ਸਹੀ ਦਿਸ਼ਾ ਵੱਲ ਵਧ ਰਿਹਾ ਹੈ।

ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ ਦੇ ਅਗਲੇ 25 ਸਾਲਾਂ ਲਈ ਪ੍ਰਧਾਨ ਮੰਤਰੀ ਦਾ ਵਿਜ਼ਨ ਅਤੇ ਨੀਤੀਆਂ ਸਾਡੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਸੋਚ ਨਾਲ ਘੜੀਆਂ ਗਈਆਂ ਨੇ। ਅੰਮ੍ਰਿਤ ਕਾਲ ਅਗਲੇ 25 ਸਾਲਾਂ ਦਾ ਅਜਿਹਾ ਸਮਾਂ ਹੈ ਜਿਸ ਤੋਂ ਬਾਅਦ ਭਾਰਤ 2047 ਵਿੱਚ ਜਦੋਂ ਦੇਸ਼ ਦੀ ਆਜ਼ਾਦੀ ਦੇ ਸ਼ਤਾਬਦੀ ਜਸ਼ਨ ਮਨਾਏਗਾ।ਉਨ੍ਹਾਂ ਕਿਹਾ ਕਿ ਦੇਸ਼ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ ਅਤੇ ਹੁਣ 'ਉਹ ਸਮਾਂ ਦੂਰ ਨਹੀਂ ਜਦੋਂ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਅਸੀਂ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ  ਬਣ ਜਾਵਾਂਗੇ।'

ਕੇਂਦਰੀ ਰਾਜ ਮੰਤਰੀ ਅੱਜ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਦੇ ਪਿੰਡ ਨਵੀਂ ਅਬਾਦੀ  ਨਾਰੰਗ ਸ਼ਾਹਪੁਰ  ਅਤੇ ਢਿੱਲਵਾਂ ਬਲਾਕ ਵਿੱਚ ਪੈਂਦੇ ਪਿੰਡ ਸੰਗੋਵਾਲ ਵਿੱਚ ਵਿਕਸਤ ਭਾਰਤ ਸੰਕਲਪ ਯਾਤਰਾ ਵਾਲੀ ਥਾਂ  ’ਤੇ ਇਕੱਠੇ ਹੋਏ ਲੋਕਾਂ ਨਾਲ ਗੱਲਬਾਤ ਕਰਨ ਆਏ ਸਨ। ਉਨ੍ਹਾਂ ਨੇ ਕੌਮੀ ਪੇਂਡੂ ਆਜੀਵਿਕਾ ਮਿਸ਼ਨ, ਉੱਜਵਲਾ ਯੋਜਨਾ, ਮੁਦਰਾ ਯੋਜਨਾ ਅਤੇ ਸੈਲਫ ਹੈਲਪ ਗਰੁੱਪਾਂ ਦੇ ਵੱਖ-ਵੱਖ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਬਾਰੇ  ਵੱਧ ਤੋਂ ਵੱਧ ਲਾਭ ਲੈਣ ਅਤੇ ਹੋਰਨਾਂ ਨੂੰ ਵੀ ਇਨ੍ਹਾਂ ਬਾਰੇ ਜਾਗਰੂਕ ਕਰਨ ਲਈ ਕਿਹਾ। ਲਾਭਪਾਤਰੀਆਂ ਨੇ ਸੰਕਲਪ ਯਾਤਰਾ ਦੇ ਹਿੱਸੇ ਵਜੋਂ 'ਮੇਰੀ ਕਹਾਣੀ ਮੇਰੀ ਜੁਬਾਨੀ' ਤਹਿਤ ਆਪਣੀ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ।

ਜਾਗਰੂਕਤਾ ਵੈਨ ਸਮੇਤ ਇਹ ਯਾਤਰਾ ਕਪੂਰਥਲਾ ਸਣੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੱਲ ਰਹੀ ਹੈ। ਇਸ ਰਾਹੀਂ ਕੇਂਦਰ ਸਰਕਾਰ ਦੀਆਂ ਵੱਖ-ਵੱਖ ਫਲੈਗਸ਼ਿਪ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਏ ਅਤੇ ਯੋਗ ਲਾਭਪਾਤਰੀਆਂ ਨੂੰ ਮੌਕੇ 'ਤੇ ਹੀ ਇਨ੍ਹਾਂ ਸਕੀਮਾਂ ਨਾਲ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਮਾਗਮ ਵਾਲੀ ਥਾਂ 'ਤੇ ਐਲ ਈ ਡੀ ਸਕਰੀਨਾਂ ਵਾਲੀ ਸੰਕਲਪ ਯਾਤਰਾ ਦੀ ਵੈਨ ਵੀ ਮੌਜੂਦ ਸੀ, ਜਿਸ ਵਿੱਚ ਦੇਸ਼ ਦੀ ਸਮੁੱਚੀ ਤਰੱਕੀ ਨੂੰ ਦਰਸਾਉਣ  ਬਾਰੇ ਪ੍ਰਧਾਨ ਮੰਤਰੀ ਦੇ ਰਿਕਾਰਡ ਕੀਤੇ ਭਾਸ਼ਣ,  ਲਾਭਪਾਤਰੀਆਂ ਦੀਆਂ ਕਹਾਣੀਆਂ, ਪੈਂਫਲਿਟ, ਕੈਲੰਡਰ ਅਤੇ ਹੋਰ ਛੋਟੀਆਂ ਕਿਤਾਬਾਂ ਦੇ ਰੂਪ ਵਿੱਚ ਜਾਗਰੂਕਤਾ ਸਮੱਗਰੀ ਰੱਖੀ ਗਈ ਸੀ।

ਸੋਮ ਪ੍ਰਕਾਸ਼ ਨੇ ਕਿਹਾ ਕਿ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਦੇਸ਼ ਵਾਸੀਆਂ ਦੀ ਸਮੂਹਿਕ ਭਾਗੀਦਾਰੀ ਜ਼ਰੂਰੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣਾ ਅਤੇ ਦੂਜਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਕੀਮਾਂ ਦਾ ਲਾਭ ਉਠਾਉਣ ਅਤੇ ਦੂਜਿਆਂ ਨੂੰ ਜਾਗਰੂਕ ਕਰਨ। ਉਨ੍ਹਾਂ ਇਸ ਮੌਕੇ ਹਾਜ਼ਰ ਸਾਰੇ ਲੋਕਾਂ ਨੂੰ ਵਿਕਸਤ ਭਾਰਤ ਦੀ ਸਹੁੰ ਵੀ ਚੁਕਾਈ। ਉਨ੍ਹਾਂ ਦੋਵਾਂ ਪਿੰਡਾਂ ਵਿੱਚ ਉੱਜਵਲਾ ਸਕੀਮ ਦੇ ਲਾਭਪਾਤਰੀਆਂ ਨੂੰ ਮੌਕੇ 'ਤੇ ਹੀ ਗੈਸ ਕੁਨੈਕਸ਼ਨ ਵੀ ਦਿੱਤੇ।

ਪੰਜਾਬ ਵਿੱਚ, ਵਿਕਸਤ ਭਾਰਤ ਸੰਕਲਪ ਯਾਤਰਾ ਦੌਰਾਨ ਹੁਣ ਤੱਕ ਲਾਭਪਾਤਰੀਆਂ ਦੇ ਜੀਵਨ ਪੱਧਰ ਵਿੱਚ ਆਏ ਸੁਧਾਰ ਸਬੰਧੀ ਅੰਕੜੇ ਵੀ ਇਕੱਠੇ ਕੀਤੇ ਜਾ ਰਹੇ ਨੇ।   ਹੁਣ ਤੱਕ, ਯਾਤਰਾ 1 ਇਸ਼ਾਰੀਆ 35 ਲੱਖ ਤੋਂ ਵੱਧ ਲੋਕਾਂ ਦੀ ਭਾਗੀਦਾਰੀ  ਨਾਲ ਤਕਰੀਬਨ 1500 ਗ੍ਰਾਮ ਪੰਚਾਇਤਾਂ ਨੂੰ ਕਵਰ ਕਰ ਚੁੱਕੀ ਹੈ। ਦਿਲਚਸਪ ਗੱਲ ਇਹ ਹੈ ਕਿ ਵਿਕਸਤ ਭਾਰਤ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਵੱਧ ਹੈ।

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ  ਸ਼ੁਰੂ ਕੀਤੀ ਗਈ ਵਿਸ਼ਵਕਰਮਾ ਸਕੀਮ ਦਾ ਲਾਭ ਲੈਣ ਦੀ ਵਕਾਲਤ ਕੀਤੀ, ਜਿਸ ਰਾਹੀਂ ਹੱਥਾਂ ਅਤੇ ਸੰਦਾਂ ਨਾਲ ਕੰਮ ਕਰਨ ਵਾਲੇ ਕਾਰੀਗਰਾਂ ਅਤੇ ਹੁਨਰਮੰਦਾਂ ਨੂੰ ਸ਼ੁਰੂਆਤ ਤੋਂ ਅੰਤ ਤੱਕ ਮਾਲੀ ਸਹਾਇਤਾ ਪ੍ਰਦਾਨ ਕਰਨ ਲਈ ਕਰਜ਼ੇ ਦਿੱਤੇ ਜਾ ਰਹੇ ਹਨ।ਉਨ੍ਹਾਂ ਕਿਸਾਨਾਂ ਨੂੰ ਡਰੋਨ ਸਕੀਮ ਤਹਿਤ ਸੰਤੁਲਿਤ ਅਨੁਪਾਤ ਵਿੱਚ ਨੈਨੋ ਖਾਦਾਂ ਦਾ ਛਿੜਕਾਅ ਪੁਰਾਣੇ ਢੰਗ ਨਾਲੋਂ ਘੱਟ ਪੈਸੇ ਵਿੱਚ ਕਰਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਕੀਮ ਮਹਿਲਾ ਸਵੈ-ਸਹਾਇਤਾ ਗਰੁੱਪਾਂ ਰਾਹੀਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਵੀ ਹੈ ਜਿਸ ਸਕੀਮ ਨੂੰ ਡਰੋਨ ਦੀਦੀ ਦਾ ਨਾਮ ਦਿੱਤਾ ਗਿਆ ਹੈ।