5 Dariya News

ਬਲੱਡ ਡੋਨੇਸ਼ਨ ਡਰਾਈਵ 2023 ਤਹਿਤ ਲਗਾਇਆ ਗਿਆ ਖੂਨਦਾਨ ਕੈਂਪ

5 Dariya News

ਸ੍ਰੀ ਮੁਕਤਸਰ ਸਾਹਿਬ 09-Dec-2023

ਲੋੜਵੰਦਾਂ ਨੂੰ ਖੂਨ ਮੁਹੱਈਆ ਕਰਵਾਉਣ ਸਬੰਧੀ ‘ਬਲੱਡ ਡੋਨੇਸ਼ਨ ਡਰਾਈਵ 2023’ ਤਹਿਤ ਪੂਰੇ ਭਾਰਤ ਵਿੱਚ 8 ਦਸੰਬਰ ਨੂੰ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਸੇ ਲੜੀ ਤਹਿਤ ਅਤੁੱਲਿਆ ਬਲੱਡ ਬੈਂਕ, ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਐਚ.ਡੀ.ਐਫ਼.ਸੀ., ਬੈਂਕ ਲਿਮਟਿਡ ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਡਾ. ਰੂਹੀ ਦੁੱਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਿਤ ਕੀਤੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਜਿਲ੍ਹੇ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਮੇਂ-ਸਮੇ ਤੇ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਲੋਕਾਂ ਨੂੰ ਆਪਣੇ ਬਲੱਡ ਗਰੁੱਪ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ, ਤਾਂ ਜੋ ਐਮਰਜੈਂਸੀ ਦੌਰਾਨ ਖੂਨਦਾਨ ਕਰਨ ਲੱਗਿਆ ਜਾ ਇਲਾਜ ਕਰਵਾਉਣ ਲੱਗਿਆ ਕੋਈ ਮੁਸ਼ਕਲ ਨਾ ਆਵੇ।

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਖੂਨਦਾਨ ਜਰੂਰ ਕਰਨ ਤਾਂ ਜੋ ਲੋੜਵੰਦਾਂ ਦੀ ਮਦਦ  ਕੀਤੀ ਜਾ ਸਕੇ ਅਤੇ ਤੰਦਰੁਸਤ ਰਿਹਾ ਜਾ ਸਕੇ ਅਤੇ ਕਿਹਾ ਕਿ ਕਿ ਖੂਨਦਾਨ ਕਰਨ ਨਾਲ ਸਰੀਰ ਨੂੰ ਕਿਸੇ ਤਰ੍ਹਾਂ ਦੀ ਕੋਈ ਕਮਜੋਰੀ ਨਹੀ ਆਉਂਦੀ।ਇਸ ਮੌਕੇ ਬੈਂਕ ਦੇ ਸਟਾਫ ਅਤੇ ਹੋਰ ਲੋਕਾਂ ਵੱਲੋਂ 93 ਯੂਨਿਟ ਖੂਨਦਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ। ਇਸ ਮੌਕੇ ਹਰੀਸ਼ ਜਿੰਦਲ, ਰਾਜਨ ਵਧਵਾ, ਕਪਿਲ ਅਗਰਵਾਲ, ਗੌਰਵ ਚਾਵਲਾ ਤੋਂ ਇਲਾਵਾ ਸਮੂਹ ਬੈਂਕ ਦਾ ਸਟਾਫ ਹਾਜ਼ਰ ਸਨ।