ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਕੈਂਪ ਵਿਚ ਲੋਕਾਂ ਨੇ ਸਰਕਾਰੀ ਸਕੀਮਾਂ ਦਾ ਲਾਭ ਲਿਆ
ਭਾਰਤ ਸਰਕਾਰ ਦੇ ਸਕੱਤਰ ਫਰਟੀਲਾਈਜ਼ਰ ਰਜਤ ਮਿਸ਼ਰਾ ਨੇ ਕੀਤੀ ਸ਼ਮੂਲੀਅਤ
5 Dariya News
ਐਸ.ਏ.ਐਸ.ਨਗਰ 25-Nov-2023
ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਪਿੰਡ ਮਾਣਕਪੁਰ ਕੱਲਰ ਵਿਖੇ ਭਾਰਤ ਸਰਕਾਰ ਵਲੋਂ ਕਮਜ਼ੋਰ ਵਰਗਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਉਣ ਅਤੇ ਲਾਭਪਾਤਰੀਆਂ ਨੂੰ ਸੇਵਾਵਾਂ ਦੇਣ ਲਈ ਵੱਖ-ਵੱਖ ਵਿਭਾਗਾਂ ਵਲੋਂ ਕੈਂਪ ਲਗਾਇਆ ਗਿਆ। ਇਸ ਮੌਕੇ ਭਾਰਤ ਸਰਕਾਰ ਦੇ ਸਕੱਤਰ ਫਰਟੀਲਾਈਜ਼ਰ, ਰਜਤ ਮਿਸ਼ਰਾ ਨੇ ਜਾਗਰੂਕਤਾ ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਯੂ. ਸਾਰਾਵਾਨਨ ਚੈਅਰਮੈਨ ਤੇ ਐਮ.ਡੀ. ਐਨ.ਐਫ.ਐਲ, ਬੀ. ਸਿਰੀਨਿਵਾਸਨ ਜੀ.ਐਮ. ਐਫ.ਸੀ.ਆਈ., ਪੰਜਾਬ ਰੀਜਨ, ਸੋਨਮ ਚੌਧਰੀ ਏ.ਡੀ.ਸੀ. (ਡੀ), ਚੰਦਰਾਜੋਤੀ ਸਿੰਘ ਐਸ.ਡੀ.ਐਮ. ਮੋਹਾਲੀ, ਡਾ. ਸੁਰਿੰਦਰਪਾਲ ਕੌਰ ਸੀਨੀਅਰ ਮੈਡੀਕਲ ਅਫਸਰ, ਐਮ.ਕੇ. ਭਾਰਦਵਾਜ ਐਲ.ਡੀ.ਐਮ., ਸਿਹਤ ਵਿਭਾਗ ਦੇ ਮਾਸ ਮੀਡੀਆ ਤੋਂ ਗੌਤਮ ਰਿਸ਼ੀ, ਪਿੰਡ ਦੇ ਸਰਪੰਚ-ਪੰਚ ਅਤੇ ਹੋਰ ਅਧਿਕਾਰੀ- ਕਰਮਚਾਰੀ ਮੌਜੂਦ ਸਨ।
ਸ੍ਰੀ ਰਜਤ ਮਿਸ਼ਰਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਕਸਤ ਭਾਰਤ ਸੰਕਲਪ ਯਾਤਰਾ ਦਾ ਮਨੋਰਥ ਘਰ-ਘਰ ਤੱਕ ਭਾਰਤ ਸਰਕਾਰ ਦੀਆਂ ਮਹੱਤਵਪੂਰਨ ਯੋਜਨਾਵਾਂ ਬਾਰੇ ਜਾਗਰੂਕ ਕਰਨਾ ਅਤੇ ਲਾਭਪਾਤਰੀ ਪਰਿਵਾਰਾਂ ਨੂੰ ਲਾਭ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਡ੍ਰੋਨ ਤਕਨੀਕ ਦੇ ਜ਼ਰੀਏ ਖੇਤਾਂ ਵਿਚ ਨੈਨੋ ਯੂਰੀਆ, ਡੀਏਪੀ ਤੇ ਇਫਕੋ ਸਾਗਰਿਕਾ ਤਰਲ ਸਮੇਤ ਖਾਦਾਂ ਅਤੇ ਦਵਾਈਆਂ ਦਾ ਛਿੜਕਾਅ ਖਾਦਾਂ ਤੇ ਪਾਣੀ ਦੀ ਬੱਚਤ ਕਰਦਾ ਹੈ ਅਤੇ ਫਸਲ ਦੀ ਪੈਦਾਵਾਰ ਵੀ ਵਧੀਆ ਹੁੰਦੀ ਹੈ।
ਇਸ ਮੌਕੇ ਇਕੱਤਰ ਲੋਕਾਂ ਨੂੰ ਉਨਾਂ ਸੰਕਲਪ ਵੀ ਦੁਆਇਆ। 'ਮੇਰੀ ਕਹਾਣੀ ਮੇਰੀ ਜ਼ੁਬਾਨੀ' ਰਾਹੀਂ ਲਾਭਪਾਤਰੀਆਂ ਨੇ ਸਰਕਾਰੀ ਸੇਵਾਵਾਂ ਪ੍ਰਤੀ ਆਪਣੇ ਸਫਲ ਤਜ਼ਰਬੇ ਸਾਂਝੇ ਕੀਤੇ।ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਟੀਮਾਂ ਵਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਲੋਕਾਂ ਦੇ ਬੀ.ਪੀ., ਸ਼ੂਗਰ ਤੇ ਖੂਨ ਦੀ ਜਾਂਚ ਕੀਤੀ ਗਈ। ਆਯੂਸ਼ਮਾਨ ਭਾਰਤ- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸਿਹਤ ਬੀਮਾ ਕਾਰਡ ਬਣਾਏ ਗਏ।
ਗੈਸ ਤੇ ਪੈਟਰੋਲੀਅਮ ਵਿਭਾਗ ਮੋਹਾਲੀ ਵਲੋਂ ਉਜਵਲਾ ਸਕੀਮ ਤਹਿਤ ਐੱਲਪੀਜੀ ਸਿਲੰਡਰ ਮੁਹੱਈਆ ਕਰਵਾਉਣ ਬਾਰੇ ਲਾਭਪਾਤਰੀਆਂ ਨੂੰ ਜਾਗਰੂਕ ਕੀਤਾ ਗਿਆ। ਪੰਜਾਬ ਨੈਸ਼ਨਲ ਬੈਂਕ, ਸੈਲਫ ਹੈਲਪ ਗਰੁੱਪ, ਡਾਕ ਵਿਭਾਗ ਵਲੋਂ ਵੀ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।